ਸ਼ਰਾਬ ਦੇ ਸ਼ੌਕੀਨਾਂ ਨੂੰ ਨਾ ਕੋਰੋਨਾ ਦਾ ਖੌਫ ਰੋਕ ਸਕਿਆ ਤੇ ਨਾ ਹੀ ਭਾਰੀ ਟੈਕਸ

05/05/2020 4:57:05 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭਾਰੀ ਭੀੜ ਦੇਖਣ ਨੂੰ ਮਿਲੀ। ਸ਼ਰਾਬ ਦੇ ਸ਼ੌਕੀਨਾਂ ਨੂੰ ਨਾ ਤਾਂ ਕੋਰੋਨਾ ਵਾਇਰਸ ਦਾ ਖੌਫ ਸੀ ਅਤੇ ਨਾ ਹੀ ਸ਼ਰਾਬ 'ਤੇ ਲਾਏ ਗਏ ਵਿਸ਼ੇਸ਼ ਕੋਰੋਨਾ ਟੈਕਸ ਦਾ। ਕ੍ਰਿਸ਼ਨਾ ਨਗਰ ਅਤੇ ਵਿਸ਼ਵਾਸ ਨਗਰ ਵਿਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਭੀੜ ਨੂੰ ਕੰਟਰੋਲ ਕਰਨ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਾਉਣ ਲਈ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ।

ਦਰਅਸਲ ਗ੍ਰਹਿ ਮੰਤਰਾਲਾ ਵਲੋਂ ਲਾਕਡਾਊਨ ਵਿਚ ਦਿੱਤੀ ਗਈ ਤਾਜ਼ਾ ਰਿਆਇਤ ਮੁਤਾਬਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਰਾਬ ਦੀਆਂ ਕਰੀਬ 150 ਸਰਕਾਰੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ। ਸੋਮਵਾਰ ਨੂੰ ਭੀੜ ਬੇਕਾਬੂ ਹੋਣ ਜਾਣ ਤੋਂ ਬਾਅਦ ਸ਼ਰਾਬ ਦੀਆਂ ਕਈਆਂ ਦੁਕਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਲੋਕ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਰਵਾਹ ਨਹੀਂ ਕਰ ਰਹੇ ਸਨ।ਜਿਸ ਤੋਂ ਬਾਅਦ ਰਾਤ ਨੂੰ ਦਿੱਲੀ ਸਰਕਾਰ ਨੇ ਸ਼ਰਾਬ ਦੀ ਵਿਕਰੀ 'ਤੇ 70 ਫੀਸਦੀ ਵਿਸ਼ੇਸ਼ ਕੋਰੋਨਾ ਟੈਕਸ ਲਾ ਦਿੱਤਾ।

ਸ਼ਰਾਬ 'ਤੇ ਕੋਰੋਨਾ ਟੈਕਸ ਲਾਉਣ ਦੇ ਸਰਕਾਰ ਦੇ ਫੈਸਲੇ ਬਾਰੇ ਪੁੱਛਣ 'ਤੇ ਲੋਕਾਂ ਦਾ ਕਹਿਣਾ ਸੀ ਕਿ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕਈ ਦੁਕਾਨਾਂ ਨਹੀਂ ਖੁੱਲ੍ਹੀਆਂ ਹਨ ਅਤੇ ਪੁਲਸ ਕਰਮਚਾਰੀ ਸਾਨੂੰ ਵਾਪਸ ਭੇਜ ਰਹੇ ਹਨ। ਇਹ ਠੀਕ ਨਹੀਂ ਹੈ। ਸਰਕਾਰ ਨੇ ਇੰਨੀ ਕੀਮਤ ਵਧਾ ਦਿੱਤੀ ਹੈ ਅਤੇ ਫਿਰ ਵੀ ਕੋਈ ਇਸ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਵੀ ਨਹੀਂ ਮਿਲਦੀ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ ਨੇ ਸੋਮਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਅਵਿਵਸਥਾ ਤੋਂ ਬਾਅਦ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਦਿੱਲੀ ਵਿਚ ਸ਼ਰਾਬ ਦੀ ਵਿਕਰੀ ਦਾ ਸਮਾਂ ਵਧਾਉਣ ਦੀ ਸਲਾਹ ਦਿੱਤੀ ਹੈ।

Tanu

This news is Content Editor Tanu