ਦਿੱਲੀ ’ਚ ਚਰਚ ਢਾਹੁਣ ਵਾਲੀ ਜਗ੍ਹਾ ’ਤੇ ਪਹੁੰਚਿਆ ਅਕਾਲੀ ਦਲ, ਗਰਮਾਈ ਸਿਆਸਤ

07/22/2021 10:35:24 AM

ਨਵੀਂ ਦਿੱਲੀ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਦੱਖਣੀ ਦਿੱਲੀ ਵਿਚ ਢਾਹੇ ਗਏ ਚਰਚ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਈਸਾਈ ਭਾਈਚਾਰੇ ਨਾਲ ਇਕਜੁਟਤਾ ਪ੍ਰਗਟਾਈ। ਇਨ੍ਹਾਂ ਸੰਸਦ ਮੈਬਰਾਂ ਦੇ ਉੱਚ ਪੱਧਰੀ ਵਫਦ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਨਰੇਸ਼ ਗੁਜਰਾਲ ਸ਼ਾਮਲ ਸਨ। ਸੰਸਦ ਮੈਂਬਰਾਂ ਨੇ ਚਰਚ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਈਸਾ ਮਸੀਹ ਸਮੇਤ ਹੋਰ ਮੂਰਤੀਆਂ ਦਾ ਨਿਰਾਦਰ ਕਰ ਕੇ ਪਵਿੱਤਰ ਚਰਚ ਨੂੰ ਇੰਝ ਡੇਗਣ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕੀਤੀ।

ਵਫਦ ਨੇ ਲਿਟਲ ਫਲਾਵਰ ਚਰਚ ਦੇ ਪਾਦਰੀ ਫਾਦਰ ਜੋਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ, ਨਾਲ ਹੀ ਭਰੋਸਾ ਦਿੱਤਾ ਕਿ ਪਾਰਟੀ ਇਸ ਮੁੱਦੇ ਨੂੰ ਸੰਸਦ ਵਿਚ ਉਠਾਏਗੀ। ਫਾਦਰ ਜੋਸ ਨੇ ਆਪਣੇ ਵਲੋਂ ਵਫਦ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ ਸਰਕਾਰ ਨੇ 9 ਜੁਲਾਈ ਨੂੰ ਇਕ ਨੋਟਿਸ ਲਾਇਆ ਅਤੇ 2 ਦਿਨ ਬਾਅਦ 12 ਜੁਲਾਈ ਨੂੰ ਇਸ ਨੂੰ ਢਾਹੁਣ ਆ ਗਈ।

ਸਾਨੂੰ ਜਾਣ-ਬੁੱਝ ਕੇ ਅਦਾਲਤ ਵਿਚ ਬੇਨਤੀ ਕਰਨ ਲਈ ਕੋਈ ਸਮਾਂ ਨਹੀਂ ਦਿੱਤਾ ਗਿਆ। ਫਾਦਰ ਜੋਸ ਨੇ ਕਿਹਾ ਕਿ ਜਿਹੜਾ ਨੋਟਿਸ ਲਾਇਆ ਗਿਆ ਸੀ, ਉਹ ਮੰਦਰ ਲਈ ਸੀ ਨਾ ਕਿ ਲਿਟਲ ਫਲਾਵਰ ਚਰਚ ਲਈ। ਮੁਲਾਕਾਤ ਤੋਂ ਬਾਅਦ ਸੰਸਦ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੱਟਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨ ਨੂੰ ਢਾਹੇ ਜਾਣ ਤੋਂ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਘੱਟਗਿਣਤੀ ਵਿਰੋਧੀ ਹਨ।

Tanu

This news is Content Editor Tanu