ਅਹਿਮਦਾਬਾਦ : ਟਰੰਪ ਦੀ ਭਾਰਤ ਫੇਰੀ, ਮੋਟੇਰਾ ਸਟੇਡੀਅਮ ਦੇ ਆਲੇ-ਦੁਆਲੇ ਵਧਾਈ ਗਈ ਸੁਰੱਖਿਆ

02/20/2020 1:58:42 PM

ਅਹਿਮਦਾਬਾਦ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਦੇ ਮੱਦੇਨਜ਼ਰ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਟਰੰਪ ਵਾਸ਼ਿੰਗਟਨ ਤੋਂ ਸਿੱਧਾ ਅਹਿਮਦਾਬਾਦ ਹਵਾਈ ਅੱਡੇ ਉਤਰਨਗੇ ਅਤੇ ਇੱਥੋਂ ਉਹ ਪੀ. ਐੱਮ. ਮੋਦੀ ਨਾਲ ਮੋਟੇਰਾ ਸਟੇਡੀਅਮ ਤਕ 22 ਕਿਲੋਮੀਟਰ ਲੰਬੇ ਰੋਡ ਸ਼ੋਅ 'ਚ ਸ਼ਾਮਲ ਹੋਣਗੇ। ਅਹਿਮਦਾਬਾਦ ਸਥਿਤ ਮੋਟੇਰਾ ਸਟੇਡੀਅਮ 'ਚ ਵੀ ਟਰੰਪ ਦਾ ਪ੍ਰੋਗਰਾਮ ਹੈ। ਇਸ ਨੂੰ ਦੇਖਦਿਆਂ ਸਟੇਡੀਅਮ ਦੇ ਬਾਹਰ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਟਰੰਪ ਆਪਣੀ ਪਤਨੀ ਅਤੇ ਯੂ. ਐੱਸ. ਦੀ ਫਰਸਟ ਲੇਡੀ ਮੇਲਾਨੀਆ ਟਰੰਪ ਨਾਲ 24-25 ਫਰਵਰੀ ਨੂੰ ਦੋ ਦਿਨਾਂ ਲਈ ਭਾਰਤ ਦੀ ਯਾਤਰਾ 'ਤੇ ਆਉਣਗੇ। 

ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੇ ਸੁਰੱਖਿਆ 'ਚ ਚੌਕਸ ਰਹਿਣ ਵਾਲੇ ਸੀਕ੍ਰੇਟ ਸਰਵਿਸ ਏਜੰਟਸ ਅਤੇ ਗੱਡੀਆਂ ਦੇ ਕਾਫਿਲੇ ਸਮੇਤ ਸੁਰੱਖਿਆ ਯੰਤਰ ਇੱਥੇ ਪਹੁੰਚ ਚੁੱਕੇ ਹਨ। ਸੀਕ੍ਰੇਟ ਸਰਵਿਸ ਏਜੰਟਸ ਅਹਿਮਦਾਬਾਦ ਦੇ ਵੱਖ-ਵੱਖ ਹੋਟਲਾਂ ਵਿਚ ਠਹਿਰੇ ਹੋਏ ਹਨ। ਇਸ ਦੇ ਨਾਲ ਹੀ ਏਜੰਟਸ ਟਰੰਪ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਚੀਜ਼ 'ਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਹਨ। ਦੱਸ ਦੇਈਏ ਕਿ ਸਾਲ 2015 'ਚ ਮੋਟੇਰਾ ਸਟੇਡੀਅਮ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਤਾਂ ਕਿ ਮੁੜ ਤੋਂ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਨਵੇਂ ਸਟੇਡੀਅਮ ਦਾ ਨਿਰਮਾਣ ਹੋ ਸਕੇ। ਪੁਰਾਣੇ ਮੋਟੇਰਾ ਸਟੇਡੀਅਮ 'ਚ 53,000 ਦਰਸ਼ਕ ਇਕੱਠੇ ਕ੍ਰਿਕਟ ਮੈਚ ਦੇਖ ਸਕਦੇ ਹਨ ਪਰ ਹੁਣ ਜਦੋਂ ਇਹ ਸਟੇਡੀਅਮ ਕਿਸੇ ਕ੍ਰਿਕਟ ਮੈਚ ਲਈ ਮੁੜ ਖੋਲ੍ਹਿਆ ਜਾਵੇਗਾ ਤਾਂ ਇੱਥੇ 1 ਲੱਖ 10 ਹਜ਼ਾਰ ਦਰਸ਼ਕ ਇਕੱਠੇ ਉਸ ਮੈਚ ਦਾ ਆਨੰਦ ਮਾਣ ਸਕਣਗੇ।

Tanu

This news is Content Editor Tanu