ਹੈਲੀਕਾਪਟਰ ਮਾਮਲੇ 'ਚ ਜਾਂਚ ਏਜੰਸੀ ਸਾਹਮਣੇ ਕਿਸੇ ਦਾ ਨਾਂ ਨਹੀਂ ਮਿਲਿਆ : ਮਿਸ਼ੇਲ

04/05/2019 3:22:16 PM

ਨਵੀਂ ਦਿੱਲੀ— ਅਗਸਤਾਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕ੍ਰਿਸ਼ਚੀਅਨ ਮਿਸ਼ੇਲ ਵਿਰੁੱਧ ਦੋਸ਼ ਦਾਇਰ ਕਰਨ ਦੇ ਇਕ ਦਿਨ ਬਾਅਦ, ਕਥਿਤ ਵਿਚੋਲੇ ਮਿਸ਼ੇਲ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਅਦਾਲਤ ਨੂੰ ਕਿਹਾ ਕਿ ਉਸ ਨੇ ਜਾਂਚ ਏਜੰਸੀ ਵਿਰੁੱਧ ਕਿਸੇ ਦਾ ਨਾਂ ਨਹੀਂ ਲਿਆ ਹੈ। ਮਿਸ਼ੇਲ ਨੇ ਇਹ ਵੀ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਿਆਸੀ ਏਜੰਡੇ ਲਈ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਮਿਸ਼ੇਲ ਦੇ ਵਕੀਲ ਨੇ ਕਿਹਾ ਕਿ ਦੋਸ਼ ਪੱਤਰ ਦੀ ਕਾਪੀ ਮਿਸ਼ੇਲ ਨੂੰ ਦੇਣ ਤੋਂ ਪਹਿਲਾਂ ਮੀਡੀਆ ਨੂੰ ਦੇ ਦਿੱਤੀ ਗਈ।''

ਮਿਸ਼ੇਲ ਵਲੋਂ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਅਲਜੋ ਕੇ. ਜੋਸੇਫ ਨੇ ਦਾਅਵਾ ਕੀਤਾ,''ਉਸ ਨੇ (ਮਿਸ਼ੇਲ ਨੇ) ਕਿਸੇ ਦਾ ਨਾਂ ਨਹੀਂ ਲਿਆ।'' ਆਪਣੀ ਪਟੀਸ਼ਨ 'ਚ ਮਿਸ਼ੇਲ ਨੇ ਸਵਾਲ ਕੀਤਾ ਕਿ ਦੋਸ਼ ਪੱਤਰ 'ਤੇ ਅਦਾਲਤ ਵਲੋਂ ਨੋਟਿਸ ਲੈਣ ਤੋਂ ਪਹਿਲਾਂ ਇਹ ਮੀਡੀਆ ਨੂੰ ਕਿਵੇਂ ਲੀਕ ਹੋ ਗਿਆ। ਮਾਮਲੇ 'ਤੇ 6 ਅਪ੍ਰੈਲ ਨੂੰ ਸੁਣਵਾਈ ਹੋਵੇਗੀ।

ਈ.ਡੀ. ਨੂੰ ਮਿਲੀ ਸੀ ਡਾਇਰੀ
ਦੱਸਣਯੋਗ ਹੈ ਕਿ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਵੀਰਵਾਰ ਨੂੰ ਦਾਖਲ ਚਾਰਜਸ਼ੀਟ 'ਚ ਅਹਿਮਦ ਪਟੇਲ ਅਤੇ ਕਿਸੇ 'ਸ਼੍ਰੀਮਤੀ ਗਾਂਧੀ' ਦਾ ਜ਼ਿਕਰ ਕੀਤਾ ਗਿਆ ਹੈ। ਇਹ ਚਾਰਜਸ਼ੀਟ ਇਸ ਡੀਲ ਦੇ ਮੁੱਖ ਦੋਸ਼ੀ ਕ੍ਰਿਸ਼ਚੀਅਨ ਮਿਸ਼ੇਲ ਵਿਰੁੱਧ ਦਾਖਲ ਕੀਤੀ ਗਈ ਹੈ। ਈ.ਡੀ. ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਕ੍ਰਿਸ਼ਚੀਅਨ ਮਿਸ਼ੇਲ ਨੇ 'ਏ.ਪੀ.' ਅਤੇ 'ਫੈਮ' ਦਾ ਜ਼ਿਕਰ ਕੀਤਾ ਹੈ, ਜਿਸ ਦਾ ਮਤਲਬ ਅਹਿਮਦ ਪਟੇਲ ਅਤੇ ਫੈਮ ਦਾ ਮਤਲਬ ਫੈਮਿਲੀ ਹੈ। ਈ.ਡੀ. ਨੂੰ ਜੋ ਡਾਇਰੀ ਮਿਲੀ ਹੈ ਉਸ 'ਚ ਏ.ਪੀ. ਅਤੇ ਫੈਮ ਕੋਡ ਵਰਡ ਦੀ ਤਰ੍ਹਾਂ ਲਿਖੇ ਹੋਏ ਹਨ। 52 ਪੰਨਿਆਂ ਦੀ ਚਾਰਜਸ਼ੀਟ ਅਤੇ ਉਸ ਨਾਲ 3 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ 'ਚ 3 ਨਵੇਂ ਨਾਂ ਵੀ ਸਾਹਮਣੇ ਹਨ, ਜਿਸ 'ਚ ਮਿਸ਼ੇਲ ਦਾ ਬਿਜਨੈੱਸ ਪਾਟਰਨਰ ਡਿਵੇਡ ਸੇਮ ਅਤੇ 2 ਕੰਪਨੀਆਂ ਹਨ। ਚਾਰਜਸ਼ੀਟ 'ਚ ਦੋਸ਼ ਲਗਾਇਆ ਗਿਆ ਹੈ ਕਿ ਕ੍ਰਿਸ਼ਚੀਅਨ ਮਿਸ਼ੇਲ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਦਬਾਅ ਪਾਉਣ ਲਈ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਵਰਤੋਂ ਕੀਤੀ ਸੀ।

DIsha

This news is Content Editor DIsha