ਇਕ ਹਫ਼ਤੇ ’ਚ ਸ਼ੁਰੂ ਹੋ ਜਾਵੇਗਾ ਰਾਮ ਮੰਦਿਰ ਦਾ ਅਸਲ ਨਿਰਮਾਣ ਕਾਰਜ

09/06/2021 10:07:44 AM

ਨਵੀਂ ਦਿੱਲੀ (ਨੈਸ਼ਨਲ ਡੈਸਕ)– ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਯੁੱਧਿਆ ’ਚ ਰਾਮ ਮੰਦਿਰ ਦੀ ਨੀਂਹ ਦਾ ਕੰਮ ਲਗਭਗ ਪੂਰਾ ਹੋਣ ਦੇ ਨਾਲ ਮੰਦਿਰ ਦਾ ਅਸਲ ਨਿਰਮਾਣ ਕਾਰਜ ਇਕ ਹਫ਼ਤੇ ’ਚ ਸ਼ੁਰੂ ਹੋ ਜਾਵੇਗਾ। ਨਿਰਮਾਣ ਕਾਰਜ ’ਚ ਤੇਜ਼ੀ ਲਿਆਉਣ ਅਤੇ ਮੰਦਿਰ ’ਚ ਇਸਤੇਮਾਲ ਹੋਣ ਵਾਲੇ ਪੱਥਰਾਂ ਦੀ ਲੋੜ ਨੂੰ ਪੂਰਾ ਕਰਨ ਲਈ ਜੈਪੁਰ ਤੋਂ 8 ਸ਼ਿਲਪਕਾਰ ਪਹਿਲਾਂ ਹੀ ਪੱਥਰਾਂ ਨੂੰ ਤਰਾਸ਼ਣ ਅਯੁੱਧਿਆ ਪਹੁੰਚ ਚੁੱਕੇ ਹਨ। ਟਰੱਸਟ ਦੇ ਅਧਿਕਾਰੀਆਂ ਅਨੁਸਾਰ ਮੁੱਖ ਮੰਦਿਰ ’ਚ ਹੀ ਲਗਭਗ 4 ਲੱਖ ਕਿਊਬਿਕ ਫੁੱਟ ਪੱਥਰਾਂ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ’ਚ 60,000 ਕਿਊਬਿਕ ਫੁੱਟ ਪੱਥਰਾਂ ਦੀ ਨੱਕਾਸ਼ੀ ਦਾ ਕੰਮ ਪੂਰਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਮਹਾਪੰਚਾਇਤ: ਰਾਜੇਵਾਲ ਦੀ ਮੋਦੀ ਸਰਕਾਰ ਨੂੰ ਲਲਕਾਰ-‘ਉਦੋਂ ਤੱਕ ਡਟੇ ਰਹਾਂਗੇ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ’

ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਕਿਹਾ ਕਿ ਕੰਮ ’ਚ ਤੇਜ਼ੀ ਆ ਰਹੀ ਹੈ। ਮੌਜੂਦਾ ਸਮੇਂ ’ਚ ਮੰਦਿਰ ਦੇ ਨਿਰਮਾਣ ’ਚ ਸ਼ਾਮਲ ਲੋਕਾਂ ਨੇ ਮਲਬੇ ਨੂੰ ਹਟਾ ਕੇ ਇਕ ਵੱਡੇ ਖੇਤਰ ਨੂੰ ਰੋਲਰ-ਕੰਪੈਕਟ ਕੰਕ੍ਰੀਟ ਨਾਲ ਭਰਨ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ। ਮਾਰਚ ’ਚ ਪੁਰਾਣੇ ਮਲਬੇ ਅਤੇ ਉਸ ਸਥਾਨ ਤੋਂ ਖਰਾਬ ਰੇਤ ਮਿਲਣ ਤੋਂ ਬਾਅਦ ਕੰਮ ’ਚ ਰੁਕਾਵਟ ਪੈਦਾ ਹੋਈ, ਜਿਥੇ ਮੰਦਿਰ ਦਾ ਗਰਭ ਗ੍ਰਹਿ ਬਣਾਇਆ ਜਾਵੇਗਾ। ਮੰਦਿਰ ਦੇ ਨਿਰਮਾਣ ’ਚ ਸ਼ਾਮਲ ਮਾਹਿਰਾਂ ਨੇ ਖੇਤਰ ਨੂੰ ਰੋਲਰ-ਕੰਪੈਕਟ ਕੰਕ੍ਰੀਟ ਨਾਲ ਭਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਜ਼ਮੀਨ ਲਈ ਲੋੜੀਂਦੀ ਮਜ਼ਬੂਤੀ ਤੈਅ ਕਰਨ ਲਈ 400 ਫੁੱਟ ਲੰਬੇ ਅਤੇ 300 ਫੁੱਟ ਚੌੜੇ ਖੇਤਰ ’ਚ ਲਗਭਗ 85 ਪਰਤਾਂ ਨੂੰ ਫੈਲਾਉਣ ਦਾ ਫੈਸਲਾ ਕੀਤਾ ਹੈ। ਪਰਤਾਂ ਨੂੰ ਭਰਨ ਲਈ ਪੱਥਰ ਦੇ ਰੋੜੇ, ਪੱਥਰ ਦੀ ਧੂੜ, ਫਲਾਈ ਐਸ਼, ਮਿਕਸਚਰ, ਸੀਮੈਂਟ ਅਤੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਕੰਪ੍ਰੈਸਡ ਕੰਕ੍ਰੀਟ ਦੀਆਂ ਪਰਤਾਂ ਨੂੰ ਭਰਨ ਤੋਂ ਪਹਿਲਾਂ ਲਗਭਗ 1.20 ਲੱਖ ਕਿਊਬਿਕ ਮੀਟਰ ਮਲਬੇ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਹੈ। ਟਰੱਸਟ ਦੇ ਮੈਂਬਰਾਂ ਨੇ ਕਿਹਾ ਕਿ ਪੂਰਾ ਮੰਦਿਰ ਪੱਥਰ ਦਾ ਬਣੇਗਾ, ਮੰਦਿਰ ’ਚ ਹੀ ਲਗਭਗ 4 ਲੱਖ ਕਿਊਬਿਕ ਫੁੱਟ ਪੱਥਰਾਂ ਦੀ ਵਰਤੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨ ਮਹਾਪੰਚਾਇਤ ’ਚ ਲੱਗੇ ਮੋਦੀ-ਯੋਗੀ ਸਰਕਾਰ ਮੁਰਦਾਬਾਦ ਦੇ ਨਾਅਰੇ, ਮੰਚ ’ਤੇ ਪਹੁੰਚੇ ਰਾਕੇਸ਼ ਟਿਕੈਤ

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha