ਅਦਾਕਾਰਾ ਫੈਲੀਸਿਟੀ ਹਫਮੈਨ ਨੇ ਕਾਲਜ ਦਾਖਲੇ ਕਾਂਡ ''ਚ ਕਬੂਲਿਆ ਦੋਸ਼

05/15/2019 1:40:45 AM

ਨਿਊਯਾਰਕ - ਅਮਰੀਕਾ ਦੇ ਕਾਲਜਾਂ 'ਚ ਆਪਣੇ ਬੱਚਿਆਂ ਨੂੰ ਦਾਖਿਲਾ ਦਿਵਾਉਣ ਦੇ ਇਛੁੱਕ ਅਮੀਰ ਪਰਿਵਾਰਕ ਮੈਂਬਰਾਂ ਦੇ ਰਿਸ਼ਵਤ ਕਾਂਡ 'ਚ ਤਾਜ਼ਾ ਨਾਂ ਅਮਰੀਕੀ ਅਭਿਨੇਤਰੀ ਫੈਲੀਸਿਟੀ ਹਫਮੈਨ ਦਾ ਹੈ। ਅਭਿਨੇਤਰੀ ਨੇ ਇਕ ਯੂਨੀਵਰਸਿਟੀ 'ਚ ਆਪਣੀ ਧੀ ਦਾ ਦਾਖਿਲਾ ਕਰਾਉਣ ਲਈ ਰਿਸ਼ਵਤ ਦੇਣ ਦਾ ਜ਼ੁਰਮ ਸੋਮਵਾਰ ਨੂੰ ਕਬੂਲ ਕੀਤਾ ਹੈ। ਕਾਲਜ ਰਿਸ਼ਵਤ ਕਾਂਡ 'ਚ 'ਡੈਸਪਰੇਟ ਹਾਊਸਵਾਈਵਸ' ਦੀ ਸਾਬਕਾ ਅਭਿਨੇਤਰੀ ਨਾਲ ਕਈ ਅਮੀਰ ਅਮਰੀਕੀ ਪਰਿਵਾਰਕ ਮੈਂਬਰਾਂ ਦੇ ਨਾਂ ਸਾਹਮਣੇ ਆਏ ਹਨ।
ਬੋਸਟਨ 'ਚ ਫੈਡਰਲ ਜਸਟਿਸ ਇੰਦਰਾ ਤਲਵਾਨੀ ਸਾਹਮਣੇ ਅੱਖਾਂ 'ਚ ਹੰਝੂ ਭਰ ਕੇ ਹਫਮੈਨ ਨੇ ਆਪਣਾ ਦੋਸ਼ ਕਬੂਲ ਕੀਤਾ। ਉਨ੍ਹਾਂ ਨੇ ਆਪਣੀ ਧੀ ਦੇ ਦਾਖਿਲਾ ਦੀ ਖਾਤਿਰ ਐੱਸ. ਏ. ਟੀ. ਕਾਲਜ ਦੇ ਐਂਟਰਸ ਪ੍ਰੀਖਿਆ 'ਚ ਉਸ ਦੇ ਨੰਬਰ ਵਧਾਉਣ ਲਈ 15,000 ਡਾਲਰ ਦੇਣ ਦੀ ਗੱਲ ਵੀ ਕਬੂਲੀ। ਇਸ ਅਪਰਾਧ ਲਈ 20 ਸਾਲ ਤੱਕ ਜੇਲ ਦੀ ਸਜ਼ਾ ਅਤੇ 2,50,000 ਡਾਲਰ ਦੇ ਜ਼ੁਰਮਾਨੇ ਦਾ ਪ੍ਰਬੰਧ ਹੈ। ਹਾਲਾਂਕਿ ਜ਼ੁਰਮ ਕਬੂਲ ਕਰਨ ਕਾਰਨ ਹੁਣ ਹਫਮੈਨ ਨੂੰ ਸਜ਼ਾ ਤੋਂ ਛੋਟ ਮਿਲਣ ਦੀ ਸੰਭਾਵਨਾ ਹੈ। ਦਾਖਿਲਾ ਕਾਂਡ 'ਚ ਕਰੀਬ 50 ਲੋਕਾਂ 'ਤੇ ਦੋਸ਼ ਹੈ। ਸੀ. ਈ. ਓ. ਅਤੇ ਪ੍ਰਮੁੱਖ ਵਿਧੀ ਕੰਪਨੀਆਂ 'ਚ ਸਹਿਯੋਗੀ ਸਮੇਤ 10 ਲੋਕ ਹੁਣ ਤੱਕ ਆਪਣਾ ਜ਼ੁਰਮ ਕਬੂਲ ਕਰ ਚੁੱਕੇ ਹਨ। ਇਨ੍ਹਾਂ 'ਚੋਂ 5 ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਧਿਆਪਕਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਮਾਮਲੇ 'ਚ ਮਾਸਟਰਮਾਇੰਡ ਰਹੇ ਵਿਲੀਅਮ 'ਰਿਕ' ਸਿੰਗਰ ਨੂੰ 2.5 ਕਰੋੜ ਡਾਲਰ ਦਾ ਭੁਗਤਾਨ ਕੀਤਾ ਗਿਆ ਸੀ। ਉਸ ਨੇ ਵੀ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਜਾਂਚ 'ਚ ਅਧਿਕਾਰੀਆਂ ਦਾ ਸਹਿਯੋਗ ਕਰ ਰਿਹਾ ਹੈ।

Khushdeep Jassi

This news is Content Editor Khushdeep Jassi