ਲਾਕਡਾਊਨ 'ਚ ਵਧਵਾਨ ਪਰਿਵਾਰ ਪਹੁੰਚਿਆ ਮਹਾਬਲੇਸ਼ਵਰ, ਮਹਾਰਾਸ਼ਟਰ ਸਰਕਾਰ ਨੇ ਕੀਤੀ ਵੱਡੀ ਕਾਰਵਾਈ

04/10/2020 12:19:45 PM

ਮੁੰਬਈ-ਕੋਰੋਨਾਵਾਇਰਸ ਦੇ ਕਹਿਰ ਕਾਰਨ ਦੇਸ਼ ਭਰ 'ਚ ਜਾਰੀ ਲਾਕਡਾਊਨ ਦੌਰਾਨ ਯੈੱਸ ਬੈਂਕ ਨਾਲ ਜੁੜੇ ਡੀ.ਐੱਚ.ਐੱਫ.ਐੱਲ਼ ਦੇ ਪ੍ਰਮੋਟਰ ਕਪਿਲ ਵਧਵਾਨ ਅਤੇ ਧੀਰਜ ਵਧਵਾਨ ਸਮੇਤ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਮਹਾਬਲੇਸ਼ਵਰ ਪਹੁੰਚ ਗਏ। ਇਸ ਮਾਮਲੇ 'ਚ ਸੂਬੇ ਦੇ ਮੁੱਖ ਮੰਤਰੀ ਊਧਵ ਠਾਕੁਰੇ ਨੇ ਗੰਭੀਰਤਾ ਨਾਲ ਲਿਆ ਅਤੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੂੰ ਨਿੱਜੀ ਤੌਰ 'ਤੇ ਇਸ ਨੂੰ ਦੇਖਣ ਲਈ ਕਿਹਾ, ਜਿਸ ਤੋਂ ਬਾਅਦ ਗ੍ਰਹਿ ਵਿਭਾਗ 'ਚ ਤਾਇਨਾਤ ਚੀਫ ਸਕੱਤਰ ਅਮਿਤਾਫ ਗੁਪਤਾ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ। ਹੁਣ ਕਪਿਲ ਵਧਵਾਨ ਸਮੇਤ ਪੂਰੇ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਗ੍ਰਹਿ ਮੰਤਰੀ ਦੇਸ਼ ਮੁੱਖ ਟਵੀਟ ਕਰਕੇ ਕਿਹਾ, "ਮਾਣਯੋਗ ਮੁੱਖਮੰਤਰੀ ਊਧਵ ਠਾਕੁਰੇ ਦੇ ਨਾਲ ਚਰਚਾ ਤੋਂ ਬਾਅਦ ਚੀਫ ਸਕੱਤਰ ਅਮਿਤਾਫ ਗੁਪਤਾ ਨੂੰ ਉਨ੍ਹਾਂ ਖਿਲਾਫ ਜਾਰੀ ਜਾਂਚ ਦੇ ਪੂਰੇ ਹੋਣ ਤੱਕ ਤਰੁੰਤ ਪ੍ਰਭਾਵ ਤਹਿਤ ਕੰਪਲਸਰੀ ਛੁੱਟੀ 'ਤੇ ਭੇਜਿਆ ਗਿਆ। ਕਾਨੂੰਨ ਸਾਰਿਆਂ ਲਈ ਬਰਾਬਰ ਹਨ। " ਇਸ ਤੋਂ ਪਹਿਲਾਂ ਵਧਵਾਨ ਪਰਿਵਾਰ ਦੇ 23 ਮੈਂਬਰ ਮਹਾਬਲੇਸ਼ਵਰ ਕਿਵੇ ਪਹੁੰਚੇ ਇਸ ਸਬੰਧੀ ਜਾਂਚ ਹੋਵੇਗੀ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ। 

ਇਹ ਹੈ ਪੂਰਾ ਮਾਮਲਾ-
ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਉੱਚਿਤ ਕਦਮ ਚੁੱਕਦਿਆਂ ਹੋਇਆ ਸਰਕਾਰ ਨੇ ਸਖਤੀ ਨਾਲ ਲਾਕਡਾਊਨ ਲਾਇਆ ਹੋਇਆ ਹੈ ਪਰ ਇਸ ਦੌਰਾਨ ਇਕ ਪਰਿਵਾਰ ਨੇ ਲਾਪਰਵਾਹੀ ਵਰਤਦੇ ਹੋਏ ਲਾਕਡਾਊਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਦੱਸਿਆ ਜਾਂਦਾ ਹੈ ਕਿ ਡੀ.ਐੱਚ.ਐੱਫ.ਐੱਲ਼  ਦੇ ਪ੍ਰਮੋਟਰ ਕਪਿਲ ਵਧਵਾਨ ਅਤੇ ਧੀਰਜ ਵਧਵਾਨ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਘੁੰਮਣ ਲਈ ਖੰਡਾਲਾ ਤੋਂ ਮਹਾਬਲੇਸ਼ਵਰ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਚੀਫ ਸਕੱਤਰ ਅਮਿਤਾਫ ਗੁਪਤਾ ਨੇ ਮਨਜ਼ੂਰੀ ਪੱਤਰ ਜਾਰੀ ਕੀਤਾ ਸੀ। ਇਸ ਮਾਮਲੇ 'ਚ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ 'ਚ ਕਪਿਲ ਵਧਵਾਨ ਅਤੇ ਧੀਰਜ ਵਧਵਾਨ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਕਪਿਲ ਵਧਵਾਨ ਅਤੇ ਧੀਰਜ ਵਧਵਾਨ  ਯੈੱਸ ਬੈਂਕ ਅਤੇ ਡੀ.ਐੱਫ.ਐੱਚ.ਐੱਲ ਧੋਖਾਧੜੀ ਮਾਮਲਿਆਂ 'ਚ ਦੋਸ਼ੀ ਹਨ। 

 

 

Iqbalkaur

This news is Content Editor Iqbalkaur