''ਆਪ'' ਨੇ ਹੰਸ ਰਾਜ ਹੰਸ ਨੂੰ ਦੱਸਿਆ ਮੁਸਲਮਾਨ

05/03/2019 2:12:39 AM

ਨਵੀਂ ਦਿੱਲੀ, (ਇੰਟ.)— ਦਿੱਲੀ ਦੀ ਉੱਤਰੀ-ਪੱਛਮੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹੰਸ ਰਾਜ ਹੰਸ ਨੂੰ ਆਮ ਆਦਮੀ ਪਾਰਟੀ (ਆਪ) ਨੇ ਮੁਸਲਮਾਨ ਦੱਸਿਆ ਹੈ। ਪਾਰਟੀ ਦੇ ਆਗੂ ਰਾਜਿੰਦਰ ਪਾਲ ਗੌਤਮ ਨੇ ਇਕ ਟਵੀਟ ਰਾਹੀਂ ਕਿਹਾ ਕਿ 2014 ਵਿਚ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਹੰਸ ਰਾਜ ਹੰਸ ਨੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਹੁਣ ਉਹ ਉੱਤਰੀ-ਪੱਛਮੀ ਦਿੱਲੀ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਇਹ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਅਤੇ ਸਿਰਫ ਐੱਸ. ਸੀ. ਉਮੀਦਵਾਰ ਹੀ ਇਸ ਸੀਟ ਤੋਂ ਚੋਣ ਲੜ ਸਕਦਾ ਹੈ।
ਗੌਤਮ ਦੇ ਇਸ ਟਵੀਟ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੀ-ਟਵੀਟ ਕਰਦਿਆਂ ਹੰਸ ਰਾਜ ਹੰਸ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਹੰਸ ਰਿਜ਼ਰਵ ਸੀਟ ਤੋਂ ਚੋਣ ਲੜਨ ਦੇ ਯੋਗ ਨਹੀਂ, ਇਸ ਲਈ ਉਹ ਅਯੋਗ ਕਰਾਰ ਦਿੱਤੇ ਜਾਣਗੇ। ਉੱਤਰੀ-ਪੱਛਮੀ ਦਿੱਲੀ ਦੇ ਵੋਟਰਾਂ ਨੂੰ ਉਨ੍ਹਾਂ 'ਤੇ ਆਪਣੀ ਵੋਟ ਖਰਚ ਨਹੀਂ ਕਰਨੀ ਚਾਹੀਦੀ।

KamalJeet Singh

This news is Content Editor KamalJeet Singh