ਕੇਜਰੀਵਾਲ ਦੇ ਘਰ ਹੋਈ ਦੇਰ ਰਾਤ ਬੈਠਕ ਨੂੰ ਲੈ ਕੇ ਸਾਹਮਣੇ ਆਇਆ ਜ਼ਬਰਦਸਤ ਟਵਿੱਸਟ!

02/21/2018 1:18:30 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ 'ਤੇ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ 'ਤੇ ਹੱਥਾਪਾਈ ਕਰਨ ਦੀ ਘਟਨਾ ਨੂੰ ਲੈ ਕੇ ਜ਼ਬਰਦਸਤ ਟਵਿੱਸਟ ਸਾਹਮਣੇ ਆਇਆ ਹੈ। ਦਿੱਲੀ ਸਰਕਾਰ ਅਤੇ ਮੁੱਖ ਮੰਤਰੀ ਕਾਰਜਕਾਲ ਦਾ ਵੀ ਦਾਅਵਾ ਹੈ ਕਿ ਸੋਮਵਾਰ ਦੇਰ ਰਾਤ 11 ਵਜੇ ਮੁੱਖ ਮੰਤਰੀ ਰਿਹਾਇਸ਼ 'ਤੇ ਜਨਤਾ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦੇ ਮੁੱਦੇ ਨੂੰ ਲੈ ਕੇ ਬੈਠਕ ਬੁਲਾਈ ਗਈ ਸੀ। ਇਥੇ ਟਵਿੱਸਟ ਇਹ ਹੈ ਕਿ ਜਿਸ ਵਿਅਕਤੀ ਦੀ ਜਿੰਮੇਵਾਰੀ ਜਨਤਾ ਤੱਕ ਰਾਸ਼ਨ ਪਹੁੰਚਾਉਣ ਦੀ ਹੈ, ਉਹ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਇਆ ਸੀ। ਇਥੇ ਅਸੀਂ ਦਿੱਲੀ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ ਦੀ ਗੱਲ ਕਰ ਰਹੇ ਹਾਂ। ਜਦੋਂ ਖੁਰਾਕ ਮੰਤਰੀ ਹੀ ਮੀਟਿੰਗ 'ਚ ਮੌਜ਼ੂਦ ਨਹੀਂ ਸਨ ਤਾਂ ਦੇਰ ਰਾਤ ਕੇਜਰੀਵਾਲ ਦੇ ਘਰ ਮੀਟਿੰਗ ਕਿਸ ਗੱਲ ਨੂੰ ਲੈ ਕੇ ਕੀਤੀ ਗਈ ਸੀ। ਅਜਿਹੇ 'ਚ ਦੋਸ਼ ਇਹ ਵੀ ਲੱਗ ਰਿਹਾ ਹੈ ਕਿ ਸਾਜਿਸ਼ ਤਹਿਤ ਹੀ ਮੁੱਖ ਸਕੱਤਰ ਨੂੰ ਬੁਲਾਇਆ ਗਿਆ ਅਤੇ ਫਿਰ ਉਸ ਨਾਲ ਬਦਸਲੂਕੀ ਕੀਤੀ ਗਈ।
ਆਪ ਨੇ ਦੱਸਿਆ ਮਾਰਕੁੱਟ ਦੇ ਦੋਸ਼ਾਂ ਨੂੰ ਗਲਤ 
ਨਾਲ ਹੀ ਦਿੱਲੀ ਸਰਕਾਰ ਦੇ ਮੁੱਖ ਸਕੱਤਰ (ਸੀ.ਐੈਸ.) ਅੰਸ਼ੂ ਪ੍ਰਕਾਸ਼ ਨਾਲ 'ਆਪ' ਵਿਧਾਇਕਾਂ ਦੀ ਮਾਰਕੁਟ ਦੇ ਦੋਸ਼ ਨੂੰ ਪਾਰਟੀ ਨੇ ਗਲਤ ਦੱਸਦੇ ਹੋਏ ਕਿਹਾ ਹੈ ਕਿ ਮੁੱਖ ਸਕੱਤਰ ਦੀ ਜਵਾਬਦੇਹੀ ਨੂੰ ਲੈ ਕੇ ਉਨ੍ਹਾਂ ਦੀ ਗਲਤਬਿਆਨੀ ਕਾਰਨ ਕੇਵਲ ਜੁਬਾਨੀ ਜੰਗ ਹੋਈ ਸੀ। ਆਪ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਸੀ.ਐੈਮ. ਅੰਸ਼ੂ ਪ੍ਰਕਾਸ਼ ਨਾਲ ਬੀਤੀਂ ਦੇਰ ਸ਼ਾਮ ਕੇਜਰੀਵਾਲ ਦੇ ਰਿਹਾਇਸ਼ 'ਚ ਹੋਈ ਇਕ ਬੈਠਕ ਦੌਰਾਨ ਵਿਧਾਇਕਾਂ ਦੀ ਤਕਰਾਰ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਬੈਠਕ 'ਚ ਜੋ ਕੁਝ ਵੀ ਹੋਇਆ, ਉਹ ਸੀ.ਐੈਮ. ਦੀ ਗਲਤ ਬਿਆਨੀ ਦਾ ਨਤੀਜਾ ਸੀ। ਭਾਰਦਵਾਜ ਨੇ ਕਿਹਾ ਹੈ ਕਿ ਦਿੱਲੀ 'ਚ ਰਾਸ਼ਨ ਵਿਤਰਨ ਦੀ ਵਿਵਸਥਾ 'ਚ ਖਾਮੀਆਂ ਕਾਰਨ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀ ਬਾਰੇ 'ਚ ਮੁੱਖ ਮੰਤਰੀ ਵੱਲੋਂ ਪੁੱਛੇ ਜਾਣ 'ਤੇ ਸੀ.ਐੈਸ. ਅੰਸ਼ੂ ਪ੍ਰਕਾਸ਼ ਨੇ ਕਿਹਾ ਕਿ ਆਪ ਵਿਧਾਇਕਾਂ ਨੇ ਨਰਾਜ਼ਗੀ ਜ਼ਰੂਰ ਪ੍ਰਗਟ ਕੀਤੀ ਪਰ ਕੁੱਟਮਾਰ ਦਾ ਦੋਸ਼ ਗਲਤ ਲਗਾਇਆ ਹੈ। ਭਾਰਦਵਾਜ ਨੇ ਕਿਹਾ, ''ਮੁੱਖ ਸਕੱਤਰ ਵਿਧਾਇਕਾਂ ਦੀ ਗੱਲਾਂ ਨੂੰ ਹੁਣ ਤੱਕ ਅਣਸੁਣਿਆ ਹੀ ਕਰ ਰਹੇ ਸਨ, ਹੁਣ ਮੁੱਖ ਸਕੱਤਰ ਇਹ ਕਹਿਣ ਲੱਗੇ ਕਿ ਮੈਂ ਵਿਧਾਇਕਾਂ ਦੇ ਪ੍ਰਤੀ ਜਵਾਬਦੇਹ ਨਹੀਂ ਹਾਂ।''