ਰੇਲਵੇ ਪੁਲਸ ਦੀ ਇਕ ਮਹਿਲਾ ਕਾਂਸਟੇਬਲ ਲਾਵਾਰਿਸ ਲਾਸ਼ਾਂ ਦੀ ਬਣੀ ਮਸੀਹਾ

03/16/2018 9:33:53 AM

ਮੁੰਬਈ— ਪ੍ਰੰਪਰਾ ਮੁਤਾਬਕ ਕਿਸੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਔਰਤਾਂ ਨੂੰ ਨਹੀਂ ਹੈ, ਬਾਵਜੂਦ ਇਸ ਦੇ ਰੇਲਵੇ ਪੁਲਸ ਦੀ ਇਕ ਮਹਿਲਾ ਕਾਂਸਟੇਬਲ ਨਾਇਨਾ ਦਿਵੇਕਰ ਲਾਵਾਰਿਸ ਲਾਸ਼ਾਂ ਦੀ ਮਸੀਹਾ ਬਣ ਕੇ ਉਭਰੀ ਹੈ। ਉਹ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੀ ਹੈ। ਨਾਇਨਾ ਉਨ੍ਹਾਂ ਲੋਕਾਂ ਦਾ ਅੰਤਿਮ ਸੰਸਕਾਰ ਕਰਦੀ ਹੈ, ਜਿਨ੍ਹਾਂ ਲਾਸ਼ਾਂ ਦਾ ਦਾਅਵਾ ਕਰਨ ਕੋਈ ਨਹੀਂ ਆਉਂਦਾ ਜਾਂ ਜਿਨ੍ਹਾਂ ਮ੍ਰਿਤਕਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਲੈਣ ਨਹੀਂ ਆਉਂਦੇ।
ਜ਼ਿਕਰਯੋਗ ਹੈ ਕਿ ਨਾਇਨਾ ਦਿਵੇਕਰ ਦਾਦਰ ਸਟੇਸ਼ਨ 'ਤੇ ਵਰਕਰ ਹੈ। ਉਹ ਬੀਤੇ ਕੁਝ ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਹੁਣ ਤੱਕ 500 ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਮ੍ਰਿਤਕ ਦੇ ਧਰਮ ਦੇ ਆਧਾਰ 'ਤੇ ਕਰ ਚੁੱਕੀ ਹੈ। ਸ਼ੁਰੂ-ਸ਼ੁਰੂ ਵਿਚ ਇਸ ਕੰਮ ਨੂੰ ਲੈ ਕੇ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਸ਼ੱਕ ਸੀ ਕਿ ਉਹ ਕੰਮ ਨਹੀਂ ਕਰ ਸਕੇਗੀ ਪਰ ਨਾਇਨਾ ਨੂੰ ਇਸ ਕੰਮ ਨੂੰ ਕਰਨ ਵਿਚ ਕਦੀ ਝਿਜਕ ਨਹੀਂ ਹੋਈ। ਉਹ ਅੱਜ ਉਨ੍ਹਾਂ ਔਰਤਾਂ ਲਈ ਇਕ ਮਿਸਾਲ ਹੈ, ਜੋ ਅੱਜ ਮਰਦਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਸਮਾਜ ਵਿਚ ਨੇਕੀ ਦਾ ਕੰਮ ਬਹੁਤ ਹੀ ਸਹਿਜਤਾ ਨਾਲ ਕਰ ਰਹੀ ਹੈ।