ਅਮਰੀਕਾ ਜਾਣ ਦੀ ਤਾਂਘ 'ਚ ਬਣਿਆ ਬੁੱਢਾ ਪਰ ਇਕ ਗਲਤੀ ਪੈ ਗਈ ਭਾਰੀ

09/10/2019 10:53:14 AM

ਨਵੀਂ ਦਿੱਲੀ— ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਹੋੜ ਜਿਹੀ ਲੱਗੀ ਹੋਈ ਹੈ। ਇਸ ਲਈ ਉਹ ਗਲਤ ਤਰੀਕੇ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ 32 ਸਾਲਾ ਇਕ ਵਿਅਕਤੀ ਫੜਿਆ ਗਿਆ ਹੈ। ਇਹ ਵਿਅਕਤੀ 81 ਸਾਲ ਦੇ ਬਜ਼ੁਰਗ ਦੇ ਪਾਸਪੋਰਟ 'ਤੇ ਅਮਰੀਕਾ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਬਜ਼ੁਰਗ ਵਾਂਗ ਹੂ-ਬ-ਹੂ ਹੂਲੀਆ ਬਣਾਇਆ। ਦਾੜ੍ਹੀ ਅਤੇ ਵਾਲਾਂ ਨੂੰ ਡਾਈ ਨਾਲ ਸਫੈਦ ਕੀਤਾ। ਚਸ਼ਮਾ ਵੀ ਪਹਿਨਿਆ ਅਤੇ ਬਜ਼ੁਰਗ ਵਰਗੇ ਕੱਪੜੇ ਵੀ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਉਸ ਨੇ ਵ੍ਹੀਲਚੇਅਰ ਦਾ ਸਹਾਰਾ ਲਿਆ। ਇਕ ਗਲਤੀ ਕਾਰਨ ਉਹ ਫੜਿਆ ਗਿਆ। ਉਹ ਚਿਹਰੇ 'ਤੇ ਨਕਲੀ ਝੁਰੜੀਆਂ ਨਹੀਂ ਬਣਾ ਸਕਿਆ। ਸੀ. ਆਈ. ਐੱਸ. ਐੱਫ. ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਸੀ. ਆਈ. ਐੱਸ. ਐੱਫ. ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦਾ ਨਾਂ ਜਯੇਸ਼ ਪਟੇਲ ਹੈ, ਜੋ ਕਿ 32 ਸਾਲ ਦਾ ਹੈ। ਉਹ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਉਹ ਜ਼ਾਅਲੀ ਪਾਸਪੋਰਟ ਜ਼ਰੀਏ 81 ਸਾਲ ਦੇ ਬੁੱਢੇ ਦਾ ਭੇਸ ਬਣਾ ਕੇ ਅਮਰੀਕ ਸਿੰਘ ਦੇ ਨਾਂ 'ਤੇ ਨਿਊਯਾਰਕ ਜਾ ਰਿਹਾ ਸੀ। ਉਸ ਨੇ ਖੁਦ ਨੂੰ ਬੁੱਢਾ ਦਿਖਾਉਣ ਲਈ ਚਸ਼ਮਾ ਵੀ ਪਹਿਨਿਆ ਹੋਇਆ ਸੀ। ਉਹ ਵ੍ਹੀਲਚੇਅਰ 'ਤੇ ਬੈਠਾ ਸੀ। ਟਰਮੀਨਲ-3 'ਚ ਫਾਈਨਲ ਸੁਰੱਖਿਆ ਜਾਂਚ ਲਈ ਸੀ. ਆਈ. ਐੱਸ. ਐੱਫ. ਦੇ ਐੱਸ. ਆਈ. ਰਾਜਵੀਰ ਸਿੰਘ ਨੇ ਉਸ ਨੂੰ ਚੇਅਰ ਤੋਂ ਉਠਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਉਹ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਰਿਹਾ ਸੀ ਤਾਂ ਐੱਸ. ਆਈ. ਨੂੰ ਉਸ 'ਤੇ ਸ਼ੱਕ ਹੋਇਆ।

ਉਸ ਦਾ ਪਾਸਪੋਰਟ ਦੇਖਿਆ ਤਾਂ ਉਸ 'ਚ ਜਨਮ ਮਿਤੀ 1 ਫਰਵਰੀ 1938 ਸੀ। ਉਸ ਹਿਸਾਬ ਨਾਲ ਉਹ 81 ਸਾਲ ਦਾ ਹੋ ਚੁੱਕਾ ਸੀ। ਐੱਸ. ਆਈ. ਨੇ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਉਸ ਦੀ ਸਕਿਨ ਉਸ ਦੇ ਬੁੱਢੇ ਹੋਣ ਦੀ ਗਵਾਹੀ ਨਹੀਂ ਦੇ ਰਹੀ ਸੀ। ਸ਼ੱਕ ਹੋਣ 'ਤੇ ਉਸ ਤੋਂ ਸਖਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਸੱਚ ਉਗਲ ਦਿੱਤਾ। ਉਸ ਨੇ ਦੱਸਿਆ ਕਿ ਉਹ 32 ਸਾਲ ਦਾ ਹੈ ਅਤੇ ਕਿਸੇ ਦੂਜੇ ਸ਼ਖਸ ਦੇ ਪਾਸਪੋਰਟ 'ਤੇ ਅਮਰੀਕਾ ਜਾਣ ਦੀ ਫਿਰਾਕ ਵਿਚ ਸੀ। ਸੀ. ਆਈ. ਐੱਸ. ਐੱਫ. ਨੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

Tanu

This news is Content Editor Tanu