ਪੰਜਾਬ ਪੁਲਸ 'ਤੇ ਹੁਣ ਰਾਜਸਥਾਨ 'ਚ ਵੀ ਦਰਜ ਹੋਇਆ ਕੇਸ, ਜਾਣੋ ਕੀ ਹੈ ਪੂਰਾ ਮਾਮਲਾ

05/10/2022 12:24:48 PM

ਰਾਜਸਥਾਨ- ਦਿੱਲੀ ਤੋਂ ਬਾਅਦ ਹੁਣ ਰਾਜਸਥਾਨ 'ਚ ਵੀ ਪੰਜਾਬ ਪੁਲਸ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਸ ਡਿਪਟੀ ਕਮਿਸ਼ਨਰ ਵਲੋਂ ਐੱਸ.ਐੱਚ.ਓ. ਸਮੇਤ 14 ਪੁਲਸ ਕਰਮੀਆਂ 'ਤੇ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਪੁਲਸ ਖ਼ਿਲਾਫ਼ ਇਹ ਐੱਫ.ਆਈ.ਆਰ. ਕੋਟਾ 'ਚ ਦਰਜ ਕੀਤੀ ਗਈ ਹੈ। ਪੰਜਾਬ ਪੁਲਸ 'ਤੇ ਇਕ ਨੌਜਵਾਨ ਨੂੰ ਅਗਵਾ ਕਰਨ ਦਾ ਦੋਸ਼ ਲੱਗਾ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲਸ ਅਫੀਮ ਕੇਸ 'ਚ ਇਕ ਨੌਜਵਾਨ ਨੂੰ ਕੋਟਾ ਤੋਂ ਚੁੱਕ ਕੇ ਲੈ ਗਈ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਹੁਸ਼ਿਆਰਪੁਰ ਤੋਂ ਦਿਖਾਈ। ਜਿਸ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਕੋਟਾ 'ਚ ਪੰਜਾਬ ਪੁਲਸ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰ ਕੇ ਨਾਰਕੋਟਿਕ ਡਰੱਗ ਅਤੇ ਸਾਈਕੋਟ੍ਰੋਪਿਕ ਪਦਾਰਥ ਦੇ ਝੂਠੇ ਮਾਮਲੇ 'ਚ ਉਸ ਨੂੰ ਫਸਾਇਆ ਗਿਆ ਹੈ। ਬੂੰਦੀ ਵਾਸੀ ਨਿਰਮਲ ਸਿੰਘ ਨੇ ਕੁਨਹਾੜੀ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਹਰਨੂਰ ਸਿੰਘ ਅਗਵਾ ਕਰ ਕੇ ਪੰਜਾਬ ਲਿਜਾਇਆ ਗਿਆ ਅਤੇ ਝੂਠੇ ਮਾਮਲੇ 'ਚ ਉਸ ਨੂੰ ਫਸਾਇਆ। ਪੰਜਾਬ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਹੁਸ਼ਿਆਰਪੁਰ ਤੋਂ ਦਿਖਾਈ ਹੈ।

ਇਹ ਵੀ ਪੜ੍ਹੋ : ਬੱਗਾ ਦੇ ਪਿਤਾ ਦਾ ਦਾਅਵਾ : ਮੇਰੇ ਪੁੱਤਰ ਤੋਂ ਡਰਦੇ ਹਨ ਕੇਜਰੀਵਾਲ, ਡਰਾਉਣ ਲਈ ਕੀਤੀ ਪੰਜਾਬ ਪੁਲਸ ਦੀ ਵਰਤੋਂ

ਦਿੱਲੀ 'ਚ ਵੀ ਪੰਜਾਬ ਪੁਲਸ ਖ਼ਿਲਾਫ ਅਗਵਾ ਦਾ ਮਾਮਲਾ ਦਰਜ ਹੋਇਆ ਹੈ। ਪੰਜਾਬ ਪੁਲਸ 'ਤੇ ਦਿੱਲੀ ਭਾਜਪਾ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਅਗਵਾ ਕਰਨ ਦਾ ਦੋਸ਼ ਹੈ। ਬੱਗਾ ਦੇ ਪਿਤਾ ਨੇ ਦਿੱਲੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ 'ਚ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਦਾਖ਼ਲ ਹੋ ਕੇ ਕੁੱਟਮਾਰ ਕੀਤੀ ਅਤੇ ਬੱਗਾ ਨੂੰ ਅਗਵਾ ਕਰ ਲਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਸ ਨੇ ਬੱਗਾ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਮੋਹਾਲੀ ਲੈ ਕੇ ਜਾ ਰਹੇ ਸਨ। ਹਾਲਾਂਕਿ ਪੰਜਾਬ ਪੁਲਸ ਨੂੰ ਹਰਿਆਣਾ 'ਚ ਹੀ ਰੋਕ ਲਿਆ ਗਿਆ ਅਤੇ ਦਿੱਲੀ ਪੁਲਸ ਬੱਗਾ ਨੂੰ ਵਾਪਸ ਲੈ ਆਈ ਸੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha