ਹਿੰਦੂ ਵਿਆਹ ਕਾਨੂੰਨ ਅਧੀਨ ਟ੍ਰਾਂਸਸੈਕਸੁਅਲ ਔਰਤ ਵੀ ਇਕ ਲਾੜੀ : ਹਾਈ ਕੋਰਟ

04/24/2019 2:25:04 AM

ਮਦੁਰਾਈ, (ਭਾਸ਼ਾ)— ਮਦਰਾਸ ਹਾਈ ਕੋਰਟ ਦੀ ਇਕ ਬੈਂਚ ਨੇ ਆਪਣੇ ਅਹਿਮ ਫੈਸਲੇ ਵਿਚ ਕਿਹਾ ਹੈ ਕਿ ਹਿੰਦੂ ਵਿਆਹ ਐਕਟ ਮੁਤਾਬਕ ਇਕ ਟ੍ਰਾਂਸਸੈਕਸੁਅਲ (ਪਾਰਲਿੰਗੀ) ਔਰਤ ਵੀ ਲਾੜੀ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਪਰਿਭਾਸ਼ਾ ਸਿਰਫ ਇਕ ਔਰਤ ਦੇ ਸਬੰਧ ਵਿਚ ਹੋਵੇ।
ਮਾਣਯੋਗ ਜੱਜ ਜੀ. ਆਰ. ਸਵਾਮੀਨਾਥਨ ਨੇ ਇਕ ਮਰਦ ਅਤੇ ਟ੍ਰਾਂਸ ਵੂਮੈਨ ਵਲੋਂ ਦਾਇਰ ਪਟੀਸ਼ਨ 'ਤੇ ਇਹ ਫੈਸਲਾ ਦਿੱਤਾ। ਪਟੀਸ਼ਨਕਰਤਾ ਨੇ ਅਦਾਲਤ ਦਾ ਰੁਖ਼ ਉਦੋਂ ਤੈਅ ਕੀਤਾ, ਜਦੋਂ ਅਧਿਕਾਰੀਆਂ ਨੇ ਪਿਛਲੇ ਸਾਲ ਅਕਤੂਬਰ ਵਿਚ ਤੂਤੀਕੋਰਿਨ ਵਿਖੇ ਉਨ੍ਹਾਂ ਦੇ ਹੋਏ ਵਿਆਹ ਨੂੰ ਰਜਿਸਟਰਡ ਕਰਨ ਤੋਂ ਨਾਂਹ ਕਰ ਦਿੱਤੀ ਸੀ। ਪਟੀਸ਼ਨ 'ਤੇ ਸੁਣਵਾਈ ਕਰਦਿਆਂ ਉਨ੍ਹਾਂ ਰਜਿਸਟਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਵਿਆਹ ਰਜਿਸਟਰਡ ਕਰਨ ਲਈ ਕਿਹਾ।
ਮਾਣਯੋਗ ਜੱਜ ਨੇ ਟ੍ਰਾਂਸਜੈਂਡਰਾਂ (ਹਿਜੜਿਆਂ) ਦੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਈ ਵਾਰ ਤਾਂ ਅਜਿਹੇ ਲੋਕਾਂ ਨੂੰ ਆਪਣੇ ਘਰ ਤੱਕ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਤਾਮਿਲਨਾਡੂ ਸਰਕਾਰ ਨੂੰ ਅੰਤਰਲਿੰਗੀ ਬੱਚਿਆਂ 'ਤੇ ਲਿੰਗ ਮੁੜ ਨਿਰਧਾਰਨ ਸਰਜਰੀ ਕਰਨ 'ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ।

KamalJeet Singh

This news is Content Editor KamalJeet Singh