ਇਟਲੀ 'ਚ ਕੋਰੋਨਾ ਨਾਲ 34 ਮੌਤਾਂ, ਨਿਗਰਾਨੀ 'ਚ 85 ਭਾਰਤੀ ਵਿਦਿਆਰਥੀ

03/02/2020 10:07:42 AM

ਰੋਮ— ਚੀਨ ਦੇ ਬਾਹਰ ਹੋਰ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਈਰਾਨ 'ਚ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਇੱਥੋਂ ਆਪਣੇ ਲੋਕਾਂ ਨੂੰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਉੱਥੇ ਹੀ ਇਟਲੀ ਦੇ ਲੋਂਬਾਰਡੀ ਖੇਤਰ 'ਚ 85 ਭਾਰਤੀ ਵਿਦਿਆਰਥੀਆਂ ਨੂੰ ਹਫਤੇ ਭਰ ਲਈ ਵੱਖਰਾ ਰੱਖਿਆ ਗਿਆ ਹੈ। ਕੁਝ ਵਿਦਿਆਰਥੀਆਂ ਨੇ ਭਾਰਤ ਵਾਪਸ ਪਰਤਣ ਲਈ ਹਵਾਈ ਟਿਕਟ ਬੁੱਕ ਕੀਤੀਆਂ ਸਨ ਪਰ ਕੋਰੋਨਾ ਦੇ ਖਤਰੇ ਕਾਰਨ ਹਰ ਰੋਜ਼ ਫਲਾਈਟਾਂ ਰੱਦ ਹੋ ਰਹੀਆਂ ਹਨ।

ਇਟਲੀ 'ਚ ਹੁਣ ਤਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1694 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਦੁਨੀਆ ਭਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3000 ਤੋਂ ਵਧ ਗਈ ਹੈ ਜਦਕਿ 88,385 ਲੋਕ ਵਾਇਰਸ ਦੀ ਲਪੇਟ 'ਚ ਹਨ।

ਲੋਂਬਾਰਡੀ 'ਚ ਪਾਵਿਆ ਦੇ ਇੰਜੀਨੀਅਰਿੰਗ ਵਿਭਾਗ ਦੇ ਇਕ ਨੋਨ-ਟੀਚਿੰਗ ਫੈਕਿਲਟੀ 'ਚ ਪੀੜਤਾਂ ਤੋਂ ਬਾਅਦ ਵਿਦਿਆਰਥੀਆਂ 'ਚ ਦਹਿਸ਼ਤ ਵਧ ਗਈ ਹੈ। 15 ਹੋਰ ਸਟਾਫ ਮੈਂਬਰਾਂ ਨੂੰ ਵੱਖਰੇ-ਵੱਖਰੇ ਰੱਖਿਆ ਗਿਆ ਹੈ। ਬੈਂਗਲੁਰੂ ਦੀ ਇਕ ਵਿਦਿਆਰਥਣ ਅੰਕਿਤਾ ਕੇ. ਐੱਸ. ਨੇ ਅੰਗਰੇਜ਼ੀ ਅਖਬਾਰ ਨੂੰ ਦੱਸਿਆ, ''ਸਾਡੇ 'ਚੋਂ ਅੱਧੇ ਵਿਦਿਆਰਥੀਆਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਫਲਾਈਟਾਂ ਹਰ ਰੋਜ਼ ਕੈਂਸਿਲ ਹੋ ਰਹੀਆਂ ਹਨ। ਨਵੀਂ ਟਿਕਟ ਕਾਫੀ ਮਹਿੰਗੀ ਹੈ। ਇੱਥੇ ਰਾਸ਼ਨ ਦੀਆਂ ਦੁਕਾਨਾਂ 'ਚ ਸਟਾਕ ਖਤਮ ਹੋ ਰਿਹਾ ਹੈ। ਸਾਨੂੰ ਡਰ ਹੈ ਕਿ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਇਸ ਲਈ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਇੱਥੋਂ ਕੱਢਣ ਲਈ ਕਦਮ ਚੁੱਕੇ।''
ਰਿਪੋਰਟਾਂ ਮੁਤਾਬਕ ਪਾਵਿਆ 'ਚ ਫਸੇ 85 ਵਿਦਿਆਰਥੀਆਂ 'ਚੋਂ 25 ਤੇਲੰਗਾਨਾ, 20 ਕਰਨਾਟਕ, 15 ਤਾਮਿਲਨਾਡੂ, 4 ਕੇਰਲ, 2 ਦਿੱਲੀ ਅਤੇ ਰਾਜਸਥਾਨ, ਗੁੜਗਾਂਵ ਅਤੇ 1-1 ਦੇਹਰਾਦੂਨ ਦੇ ਹਨ। ਇਨ੍ਹਾਂ 'ਚੋਂ ਤਕਰੀਬਨ 65 ਇੰਜੀਨੀਅਰਿੰਗ ਵਿਦਿਆਰਥੀ ਹਨ।

ਇਹ ਵੀ ਪੜ੍ਹੋ  ►  ਮਹਿੰਗਾ ਪੈ ਸਕਦਾ ਹੈ ਇਟਲੀ ਘੁੰਮਣਾ, ਕੋਰੋਨਾ ਨੇ ਬੁਰੇ ਜਕੜੇ ਇਹ ਤਿੰਨ ਇਲਾਕੇ ► USA 'ਚ ਕੋਰੋਨਾ ਕਾਰਨ ਦੋ ਮੌਤਾਂ