ਫਿਰ ਡਰਾਉਣ ਲੱਗਾ ਕੋਰੋਨਾ! ਦਿੱਲੀ 'ਚ ਸੰਕਰਮਣ ਦਰ 18 ਫ਼ੀਸਦੀ ਦੇ ਨੇੜੇ ਪਹੁੰਚੀ, 8 ਹੋਰ ਮਰੀਜ਼ਾਂ ਨੇ ਤੋੜਿਆ ਦਮ

08/10/2022 11:42:19 PM

ਨਵੀਂ ਦਿੱਲੀ: ਦੇਸ਼ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉਥੇ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਨੇ ਫਿਰ ਜ਼ੋਰ ਫੜ ਲਿਆ ਹੈ। ਦਿੱਲੀ 'ਚ ਪਾਜ਼ੇਟਿਵਿਟੀ ਦਰ ਵੱਧ ਕੇ 18 ਫ਼ੀਸਦੀ ਦੇ ਨੇੜੇ ਪਹੁੰਚ ਗਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਬੁੱਧਵਾਰ ਨੂੰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2,146 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਰਾਜਧਾਨੀ 'ਚ ਪਾਜ਼ੇਟਿਵਿਟੀ ਦਰ ਵੱਧ ਕੇ 17.83 ਫ਼ੀਸਦੀ ਹੋ ਗਈ ਹੈ। ਦਿੱਲੀ ਵਿੱਚ ਇਸ ਸਮੇਂ 8,205 ਕੋਰੋਨਾ ਪਾਜ਼ੇਟਿਵ ਮਰੀਜ਼ ਹਨ।

ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਬੂਸਟਰ ਡੋਜ਼ ਨੂੰ ਸੁਵਿਧਾਜਨਕ ਢੰਗ ਨਾਲ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਕੇਜਰੀਵਾਲ ਸਰਕਾਰ ਨੇ ਆਪਣੇ ਆਮ ਆਦਮੀ ਮੁਹੱਲਾ ਕਲੀਨਿਕ ਵਿੱਚ ਇਕ ਟੀਕਾਕਰਨ ਕੇਂਦਰ ਸ਼ੁਰੂ ਕੀਤਾ ਹੈ, ਜਿੱਥੇ ਲੋਕਾਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ। ਇਸ ਦੇ ਲਈ ਸਾਰੇ ਮੁਹੱਲਾ ਕਲੀਨਿਕਾਂ 'ਚ ਟੀਕਾਕਰਨ ਕੇਂਦਰ ਬਣਾਏ ਗਏ ਹਨ। ਘਰ-ਘਰ ਮੁਹਿੰਮ ਤੋਂ ਬਾਅਦ ਸਰਕਾਰ ਨੇ ਰਾਜਧਾਨੀ ਵਿੱਚ ਟੀਕਾਕਰਨ ਦੀ ਰਫ਼ਤਾਰ ਨੂੰ ਹੋਰ ਵਧਾਉਣ ਲਈ ਇਹ ਕਦਮ ਚੁੱਕਿਆ ਹੈ।

Mukesh

This news is Content Editor Mukesh