ਭਾਰਤ 'ਚ ਬਣ ਰਹੀਆਂ ਨੇ ਕੋਰੋਨਾ ਦੀਆਂ ਇਹ 8 ਦਵਾਈਆਂ, ਟ੍ਰਾਇਲ ਦੇ ਸਕਾਰਾਤਮਕ ਨਤੀਜਿਆਂ ਨੇ ਜਗਾਈਆਂ ਉਮੀਦਾਂ

12/10/2020 11:20:26 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਖ਼ਿਲਾਫ਼ ਦੇਸ਼ ਵਿਚ 8 ਕੰਪਨੀਆਂ ਕੋਵਿਡ ਵੈਕਸੀਨ ਤਿਆਰ ਕਰਨ ਵਿਚ ਲੱਗੀਆਂ ਹੋਈਆਂ ਹਨ। ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਮਾਰਚ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਤਾਲਾਬੰਦੀ, ਸਮਾਜਿਕ ਦੂਰੀ ਅਤੇ ਮਾਸਕ ਦੇ ਸਹਾਰੇ ਵਾਇਰਸ 'ਤੇ ਕੰਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੰਗਲਵਾਰ ਨੂੰ ਬ੍ਰਿਟੇਨ ਵਿਚ ਪਹਿਲੀ ਵਾਰ ਟ੍ਰਾਇਲ ਤੋਂ ਇਲਾਵਾ ਇਕ 90 ਸਾਲਾ ਔਰਤ ਨੂੰ ਕੋਰੋਨਾ ਵਾਇਰਸ ਵੈਕਸੀਨ ਦਾ ਪਹਿਲਾ ਟੀਕਾ ਲਾਇਆ ਗਿਆ। ਅਜਿਹੇ ਵਿਚ ਇਹ ਜਾਣਨਾ ਮਹੱਤਵਪੂਰਨ ਹੋਵੇਗਾ ਕਿ ਭਾਰਤ ਵਿਚ ਵੈਕਸੀਨ ਦਾ ਟੀਕਾ ਕਦੋਂ ਮਿਲੇਗਾ ਅਤੇ ਉਸ ਦੇ ਵਿਕਾਸ ਦਾ ਕੰਮ ਕਿੱਥੋਂ ਤੱਕ ਪੁੱਜਾ ਹੈ। ਆਓ ਜਾਣਦੇ ਹਾਂ ਕਿ ਕਿਸ ਸਟੇਜ 'ਚ ਕਿਹੜੀ-ਕਿਹੜੀ ਵੈਕਸੀਨ ਹੈ।

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ੀ

1. ਕੋਵੀਸ਼ੀਲਡ ਵੈਕਸੀਨ ਚਿਪੰਜੀ ਦੇ ਐਡੋਨੇਵਾਇਰਸ 'ਤੇ ਆਧਾਰਿਤ ਹੈ, ਜਿਸ ਨੂੰ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਐਸਟ੍ਰਾਜੈਨੇਕਾ ਨਾਲ ਮਿਲ ਕੇ ਤਿਆਰ ਕਰ ਰਹੀ ਹੈ। ਕੰਪਨੀ ਦੀ ਇਹ ਵੈਕਸੀਨ ਟ੍ਰਾਇਲ ਦੇ ਆਪਣੇ ਦੂਜੇ ਅਤੇ ਤੀਜੇ ਪੜਾਅ ਵਿਚ ਹੈ। ਕੰਪਨੀ ਨੇ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਅਪਲਾਈ ਕੀਤਾ ਹੈ।

ਟ੍ਰਾਇਲ ਨਤੀਜਾ : ਇਸ ਵੈਕਸੀਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੂੰ ਇਹ ਲਗਾਈ ਗਈ, ਉਨ੍ਹਾਂ ਵਿਚੋਂ 70 ਫ਼ੀਸਦੀ ਨੂੰ ਇਸ ਨੇ ਬੀਮਾਰ ਹੋਣ ਤੋਂ ਰੋਕ ਦਿੱਤਾ।

2. ਕੋਵੈਕਸੀਨ ਕੋਰੋਨਾ ਵਾਇਰਸ ਦੇ ਇਨ-ਐਕਟੀਵੇਟਿਡ ਵਾਇਰਸ 'ਤੇ ਆਧਾਰਿਤ ਹੈ। ਇਸ ਨੂੰ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ, ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨਾਲ ਮਿਲ ਕੇ ਬਣਾ ਰਹੀ ਹੈ। ਕੋਵੈਕਸੀਨ ਟ੍ਰਾਇਲ ਦੇ ਤੀਜੇ ਪੜਾਅ ਵਿਚ ਹੈ। ਇਸ ਕੰਪਨੀ ਨੇ ਵੀ ਐਮਰਜੈਂਸੀ ਵਰਤੋਂ ਲਈ ਅਪਲਾਈ ਕੀਤਾ ਹੋਇਆ ਹੈ।

ਟ੍ਰਾਇਲ ਨਤੀਜਾ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਇਸੇ ਵੈਕਸੀਨ ਦੀ ਡੋਜ਼ ਦਿੱਤੀ ਗਈ। ਪਹਿਲੀ ਡੋਜ਼ ਤੋਂ ਬਾਅਦ ਉਹ ਪਾਜ਼ੇਟਿਵ ਪਾਏ ਗਏ। ਕੰਪਨੀ ਨੇ ਕਿਹਾ ਕਿ ਨਤੀਜੇ ਲੈਣ ਲਈ ਦੂਜੀ ਡੋਜ਼ ਜ਼ਰੂਰੀ ਹੈ। ਵਿਜ ਇਸ ਸਮੇਂ ਠੀਕ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ 'ਚ ਉਠਿਆ ਕਿਸਾਨ ਅੰਦੋਲਨ ਦਾ ਮੁੱਦਾ, PM ਜਾਨਸਨ ਬੋਲੇ, ਇਹ ਭਾਰਤ-ਪਾਕਿ ਦਾ ਮਾਮਲਾ

3. ਜਾਈਕੋਵ-ਡੀ ਜੋ ਡੀ. ਐੱਨ. ਏ. ਆਧਾਰਿਤ ਕੋਰੋਨਾ ਵਾਇਰਸ ਦੀ ਵੈਕਸੀਨ ਹੈ। ਇਸ ਨੂੰ ਅਹਿਮਦਾਬਾਦ ਦੀ ਕੈਡਿਲਾ ਹੈਲਥਕੇਅਰ, ਬਾਇਓਟੈਕਨਾਲੋਜੀ ਡਿਪਾਰਟਮੈਂਟ ਨਾਲ ਮਿਲ ਕੇ ਬਣਾ ਰਹੀ ਹੈ। ਵੈਕਸੀਨ ਟ੍ਰਾਇਲ ਦੇ ਤੀਜੇ ਦੌਰ ਵਿਚ ਹੈ।

ਟ੍ਰਾਇਲ ਨਤੀਜਾ : ਵਾਲੰਟੀਅਰਜ਼ ਲਗਾਈਆਂ ਗਈਆਂ ਦੋ ਡੋਜ਼ਾਂ ਵਿਚ ਕਿਸੇ ਤਰ੍ਹਾਂ ਦੇ ਉਲਟ ਨਤੀਜੇ ਸਾਹਮਣੇ ਨਹੀਂ ਆਏ। ਖਰਗੋਸ਼ਾਂ ਨੂੰ 3 ਵਾਰ ਟੀਕੇ ਲਗਾਉਣ 'ਤੇ ਟੀਕਾ ਸੁਰੱਖਿਅਤ ਪਾਇਆ ਗਿਆ।

4. ਰੂਸ ਦੀ ਸਪੂਤਨਿਕ-ਵੀ ਵੈਕਸੀਨ ਮਨੁੱਖੀ ਐਡੇਨੋਵਾਇਰਸ 'ਤੇ ਆਧਾਰਿਤ ਹੈ। ਇਸ ਨੂੰ ਰੂਸ ਦੀ ਗਮਾਲੇਯਾ ਨੈਸ਼ਨਲ ਸੈਂਟਰ ਦੇ ਨਾਲ ਮਿਲ ਕੇ ਭਾਰਤ ਵਿਚ ਹੈਦਰਾਬਾਦ ਸਥਿਤ ਡਾ. ਰੈਡੀਜ਼ ਲੈਬ ਵਿਚ ਵਿਕਸਿਤ ਕਰ ਰਹੀ ਹੈ। ਵੈਕਸੀਨ ਦੇ ਟ੍ਰਾਇਲ ਦਾ ਦੂਜਾ ਪੜਾਅ ਪੂਰਾ ਹੋ ਚੁੱਕਾ ਹੈ। ਅਗਲੇ ਹਫਤੇ ਤੋਂ ਤੀਜਾ ਪੜਾਅ ਸ਼ੁਰੂ ਹੋਵੇਗਾ।

ਟ੍ਰਾਇਲ ਨਤੀਜਾ : ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਸ ਦੇ ਨਿਰਮਾਤਾਵਾਂ ਨੇ ਦਾਅਵਾ ਕੀਤਾ ਕਿ ਇਹ ਵੈਕਸੀਨ ਕੋਵਿਡ ਨੂੰ 92 ਫੀਸਦੀ ਭਜਾਉਣ 'ਚ ਕਾਮਯਾਬ ਰਹੀ ਹੈ।

5. ਐੱਨ. ਵੀ. ਐਕਸ-ਕੋਵ 2373 ਵੈਕਸੀਨ ਪ੍ਰੋਟੀਨ ਦੇ ਸਭ ਯੂਨਿਟ 'ਤੇ ਆਧਾਰਿਤ ਹੈ ਅਤੇ ਇਸ ਨੂੰ ਨੋਵਾਵੈਕਸ ਨਾਲ ਮਿਲ ਕੇ ਸੀਰਮ ਇੰਸਟੀਚਿਊਟ ਆਫ ਇੰਡੀਆ ਬਣਾ ਰਿਹਾ ਹੈ। ਭਾਰਤ ਵਿਚ ਇਸ ਦੇ ਤੀਜੇ ਪੜਾਅ ਦੇ ਟ੍ਰਾਇਲ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾਅ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)​​​​​​​

6. ਰੀਕੰਬੀਨੈਂਟ ਪ੍ਰੋਟੀਨ ਐਂਟੀਜੈਨ ਆਧਾਰਿਤ ਕੋਰੋਨਾ ਵਾਇਰਸ ਵੈਕਸੀਨ ਨੂੰ ਹੈਦਰਾਬਾਦ ਦੀ ਕੰਪਨੀ ਬਾਇਓਲਾਜੀਕਲ ਈ-ਲਿਮ., ਐੱਮ. ਆਈ. ਟੀ., ਯੂ. ਐੱਸ. ਏ. ਨਾਲ ਮਿਲ ਕੇ ਤਿਆਰ ਕਰ ਰਹੀ ਹੈ। ਇਸ ਵੈਕਸੀਨ ਦਾ ਜਾਨਵਰਾਂ 'ਤੇ ਟ੍ਰਾਇਲ ਪੂਰਾ ਹੋ ਚੁੱਕਾ ਹੈ। ਵੈਕਸੀਨ ਆਪਣੇ ਮਨੁੱਖੀ ਟ੍ਰਾਇਲ ਦੇ ਪਹਿਲੇ ਅਤੇ ਦੂਜੇ ਪੜਾਅ ਵਿਚ ਹੈ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ।

7. ਐੱਚ. ਜੀ. ਸੀ. ਓ.-19 ਵੈਕਸੀਨ ਐੱਮ. ਆਰ. ਐੱਨ. ਏ. ਆਧਾਰਿਤ ਵੈਕਸੀਨ ਹੈ, ਜਿਸ ਨੂੰ ਪੁਣੇ ਦੀ ਕੰਪਨੀ ਜਿਨੋਵਾ ਅਮਰੀਕੀ ਕੰਪਨੀ ਐੱਚ. ਡੀ. ਟੀ. ਨਾਲ ਮਿਲ ਕੇ ਵਿਕਸਤ ਕਰ ਰਹੀ ਹੈ। ਜਾਨਵਰਾਂ 'ਤੇ ਇਸ ਦਵਾਈ ਦਾ ਟ੍ਰਾਇਲ ਪੂਰਾ ਹੋ ਚੁੱਕਾ ਹੈ। ਹਿਊਮਨ ਕਲੀਨੀਕਲ ਟ੍ਰਾਇਲ ਦਾ ਪਹਿਲਾ ਅਤੇ ਦੂਜਾ ਪੜਾਅ ਹਾਲੇ ਸ਼ੁਰੂ ਹੋਣ ਵਾਲਾ ਹੈ।

8. ਇਨ-ਐਕਟੀਵੇਟਿਡ ਰੈਬੀਜ਼ ਵੈਕਟਰ ਪਲੇਟਫਾਰਮ ਨਾਂ ਦੀ ਇਸ ਕੋਰੋਨਾ ਵਾਇਰਸ ਵੈਕਸੀਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮ. ਅਮਰੀਕਾ ਦੀ ਥਾਮਸ ਜੈਫਰਸਨ ਯੂਨੀਵਰਸਿਟੀ ਨਾਲ ਮਿਲ ਕੇ ਬਣਾ ਰਹੀ ਹੈ। ਵੈਕਸੀਨ ਆਪਣੀ ਪ੍ਰੀ-ਕਲੀਨੀਕਲ (ਐਡਵਾਂਸਡ) ਸਟੇਜ 'ਤੇ ਹੈ।

ਕੋ-ਵੈਕਸੀਨ ਦੀ ਇਕ ਡੋਜ਼ ਮਿਲੇਗੀ 250 ਰੁਪਏ 'ਚ
ਸੀਰਮ ਇੰਸਟੀਚਿਊਟ ਛੇਤੀ ਹੀ ਕੇਂਦਰ ਸਰਕਾਰ ਨਾਲ ਸਮਝੌਤਾ ਕਰ ਸਕਦਾ ਹੈ। ਸੀਰਮ ਇੰਸਟੀਚਿਊਟ ਦੀ ਕੋ-ਵੈਕਸੀਨ ਦੀ ਇਕ ਡੋਜ਼ ਦੀ ਕੀਮਤ 250 ਰੁਪਏ ਹੋ ਸਕਦੀ ਹੈ। ਸੂਤਰਾਂ ਮੁਤਾਬਿਕ ਸੀਰਮ ਇੰਸਟੀਚਿਊਟ ਸ਼ੁਰੂਆਤ ਵਿਚ ਕੋ-ਵੈਕਸੀਨ ਦੀ 6 ਕਰੋੜ ਡੋਜ਼ ਉਪਲੱਬਧ ਕਰਵਾਏਗਾ। ਜੇਕਰ ਸਰਕਾਰ ਸੀਰਮ ਇੰਸਟੀਚਿਊਟ ਨੂੰ ਐਮਰਜੈਂਸੀ ਵਰਤੋਂ ਦੀ ਇਜ਼ਾਜਤ ਿਦੰਦੀ ਹੈ ਤਾਂ ਜਨਵਰੀ ਵਿਚ ਭਾਰਤ 'ਚ ਟੀਕਾਕਰਨ ਦੀ ਸ਼ੁਰੂਆਤ ਹੋ ਜਾਵੇਗੀ, ਜਿਸ ਦੇ ਸੰਕੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੁੱਕੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ

ਨੋਟ : ਭਾਰਤ 'ਚ ਬਣ ਰਹੀਆਂ ਕੋਰੋਨਾ ਦੀਆਂ 8 ਦਵਾਈਆਂ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry