ਗੋਲਡ ਸਮਗਲਿੰਗ ਰੈਕੇਟ: 86 ਕਿੱਲੋ ਤੋਂ ਜ਼ਿਆਦਾ ਦੇ ਭਾਰ ਦੇ ਸੋਨੇ ਦੇ ਬਿਸਕੁਟ ਜ਼ਬਤ, 8 ਕਾਬੂ

08/30/2020 2:25:33 AM

ਨਵੀਂ ਦਿੱਲੀ : ਡਾਇਰੈਕਟੋਰੇਟ ਆਫ ਰੈਵੇਨਿਊ (DRI) ਨੇ ਮਿਆਂਮਾਰ ਤੋਂ ਤਸਕਰੀ ਕਰਕੇ ਭਾਰਤ ਲਿਆਇਆ ਗਿਆ 43 ਕਰੋੜ ਰੁਪਏ ਦਾ ਸੋਨਾ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਜ਼ਬਤ ਕੀਤਾ ਅਤੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਸੋਨੇ ਦੀ ਕੀਮਤ 43 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਹੈ।

ਡੀ.ਆਰ.ਆਈ. ਦੇ ਅਧਿਕਾਰੀਆਂ ਮੁਤਾਬਕ ਇੱਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉਹ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗੈਂਗ ਦੀ ਪਿਛਲੇ ਇੱਕ ਮਹੀਨੇ ਤੋਂ ਜਾਂਚ ਕਰ ਰਹੇ ਸਨ। ਇਸ ਮਾਮਲੇ 'ਚ 28 ਅਗਸਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਡਿਬਰੂਗੜ੍ਹ ਤੋਂ ਆਈ ਰਾਜਧਾਨੀ ਐਕਸਪ੍ਰੈਸ 'ਚ ਛਾਪਾ ਮਾਰਿਆ ਗਿਆ। ਇਸ ਛਾਪੇ 'ਚ ਟ੍ਰੇਨ 'ਚ ਬੈਠੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਕੋਲੋਂ ਸੋਨੇ ਦੇ 504 ਬਿਸਕੁਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਭਾਰ 86 ਕਿੱਲੋਗ੍ਰਾਮ ਤੋਂ ਜ਼ਿਆਦਾ ਹੈ। ਇਸ ਸੋਨੇ ਦੀ ਕੀਮਤ 43 ਕਰੋੜ ਰੁਪਏ ਹੈ।

ਦੱਸ ਦਈਏ ਕਿ ਸੋਨੇ ਨੂੰ ਲੁਕਾਉਣ ਲਈ ਖਾਸਤੌਰ 'ਤੇ ਅਜਿਹੇ ਕੱਪੜੇ ਬਣਵਾਏ ਜਾਂਦੇ ਹਨ, ਜਿਨ੍ਹਾਂ 'ਚ ਛੁਪਾਕੇ ਅਸਾਨੀ ਨਾਲ ਸੋਨੇ ਦੀ ਸਮਗਲਿੰਗ ਕੀਤੀ ਜਾ ਸਕੇ। ਇਸ ਦੇ ਲਈ ਮਹਾਰਾਸ਼ਟਰ ਦੇ ਗਰੀਬ ਲੋਕਾਂ ਨੂੰ ਜਲਦੀ ਪੈਸਾ ਕਮਾਉਣ ਦਾ ਲਾਲਚ ਦੇ ਕੇ ਸਮਗਲਿੰਗ ਦੇ ਰੈਕੇਟ 'ਚ ਸ਼ਾਮਲ ਕੀਤਾ ਜਾਂਦਾ ਹੈ। ਹੁਣ ਡੀ.ਆਰ.ਆਈ. ਉਨ੍ਹਾਂ ਲੋਕਾਂ ਦੀ ਪਛਾਣ ਕਰਨ 'ਚ ਲੱਗੀ ਹੈ ਜੋ ਗੋਲਡ ਦੀ ਸਮਗਲਿੰਗ ਕਰਵਾਉਂਦੇ ਹਨ।

ਡੀ.ਆਰ.ਆਈ. ਨੂੰ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗਏ ਸੋਨੇ ਦੇ ਬਿਸਕੁਟਾਂ 'ਤੇ ਵਿਦੇਸ਼ੀ ਮਾਰਕ ਲੱਗਾ ਹੋਇਆ ਸੀ। ਪੁੱਛਗਿੱਛ 'ਚ ਪਤਾ ਲੱਗਾ ਕਿ ਸਾਰੇ 8 ਲੋਕ ਫਰਜ਼ੀ ਆਧਾਰ ਕਾਰਡ ਲੈ ਕੇ ਯਾਤਰਾ ਕਰ ਰਹੇ ਸਨ। ਦੋਸ਼ੀਆਂ ਨੇ ਪੁੱਛਗਿੱਛ 'ਚ ਦੱਸਿਆ ਕਿ ਇਹ ਸੋਨਾ ਮਿਆਂਮਾਰ ਤੋਂ ਮਣੀਪੁਰ ਅਤੇ ਗੁਹਾਟੀ ਹੁੰਦੇ ਹੋਏ ਦਿੱਲੀ ਆਇਆ ਸੀ। ਇਸ ਸੋਨੇ ਨੂੰ ਦਿੱਲੀ, ਮੁੰਬਈ ਅਤੇ ਕੋਲਕਾਤਾ 'ਚ ਕੁੱਝ ਲੋਕਾਂ ਨੂੰ ਸਪਲਾਈ ਕਰਨਾ ਸੀ।

Inder Prajapati

This news is Content Editor Inder Prajapati