ਅਫ਼ਗਾਨਿਸਤਾਨ ਤੋਂ ਲਿਆਂਦੇ ਗਏ 78 ਲੋਕਾਂ ਨੂੰ ITBP ਇਕਾਂਤਵਾਸ ਕੇਂਦਰ ’ਚੋਂ ਮਿਲੀ ਛੁੱਟੀ

09/07/2021 1:52:21 PM

ਨਵੀਂ ਦਿੱਲੀ (ਭਾਸ਼ਾ)— ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਤੋਂ ਸੁਰੱਖਿਅਤ ਭਾਰਤ ਲਿਆਂਦੇ ਗਏ 78 ਲੋਕਾਂ ਨੂੰ ਮੰਗਲਵਾਰ ਨੂੰ ਇੰਡੋ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਕੋਵਿਡ-19 ਇਕਾਂਤਵਾਸ ਕੇਂਦਰ ਤੋਂ ਛੁੱਟੀ ਦੇ ਦਿੱਤੀ  ਗਈ। ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਾਗੂ ਨਿਯਮਾਂ ਤਹਿਤ ਉਨ੍ਹਾਂ ਨੂੰ 14 ਦਿਨ ਤਕ ਇੱਥੇ ਇਕਾਂਤਵਾਸ ਰੱਖਿਆ ਗਿਆ ਸੀ। ਆਈ. ਟੀ. ਬੀ. ਪੀ. ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦੱਸਿਆ ਕਿ ਇਨ੍ਹਾਂ 78 ਲੋਕਾਂ ’ਚ ਅਫ਼ਗਾਨਿਸਤਾਨ ਦੇ 54 ਲੋਕ (34 ਪੁਰਸ਼, 9 ਔਰਤਾਂ ਅਤੇ 10 ਬੱਚੇ) ਅਤੇ 25 (18 ਪੁਰਸ਼, 5 ਔਰਤਾਂ ਅਤੇ 2 ਬੱਚੇ) ਭਾਰਤੀ ਨਾਗਰਿਕ ਹਨ। ਉਨ੍ਹਾਂ ਨੂੰ ਉੱਥੋਂ ਛੁੱਟੀ ਦਿੰਦੇ ਸਮੇਂ ਇਕ ਡਾਕਟਰੀ ਸਰਟੀਫ਼ਿਕੇਟ ਅਤੇ ਇਕ ਲਾਲ ਗੁਲਾਬ ਦਿੱਤਾ ਗਿਆ। ਇਨ੍ਹਾਂ ਲੋਕਾਂ ਨੂੰ 24 ਅਗਸਤ ਨੂੰ ਦੱਖਣੀ-ਪੱਛਮੀ ਦਿੱਲੀ ਦੇ ਛਾਵਲਾ ਇਲਾਕੇ ਸਥਿਤ ਇਸ ਕੋਵਿਡ-19 ਇਕਾਂਤਵਾਸ ਕੇਂਦਰ ਲਿਆਂਦਾ ਗਿਆ ਸੀ। ਇਨ੍ਹਾਂ ਨੂੰ ਭਾਰਤੀ ਹਵਾਈ ਫੌਜ ਵਲੋਂ ਸੰਚਾਲਿਤ ਫਲਾਈਟ ਜ਼ਰੀਏ ਦੇਸ਼ ਲਿਆਂਦਾ ਗਿਆ ਸੀ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਫ਼ਗਾਨ ਨਾਗਰਿਕਾਂ ਨੂੰ ਦੱਖਣੀ ਦਿੱਲੀ ਵਿਚ ਇਕ ਨਿਰਧਾਰਤ ਸਥਾਨ ’ਤੇ ਭੇਜ ਦਿੱਤਾ ਗਿਆ ਹੈ, ਜਦਕਿ ਭਾਰਤੀਆਂ ਦੇ ਆਪਣੇ ਘਰ ਜਾਣ ਦੀ ਉਮੀਦ ਹੈ। ਇਕਾਂਤਵਾਸ ਕੇਂਦਰ ’ਚ ਹੁਣ ਵੀ ਅਫ਼ਗਾਨਿਸਤਾਨ ਤੋਂ ਕੱਢੇ ਗਏ 35 ਲੋਕ ਹਨ, ਜਿਨ੍ਹਾਂ ’ਚੋਂ 24 ਭਾਰਤੀ ਅਤੇ ਹੋਰ ਨੇਪਾਲ ਦੇ ਨਾਗਰਿਕ ਹਨ। ਕੋਵਿਡ-19 ਮਹਾਮਾਰੀ ਦੇ ਕਹਿਰ ਨੂੰ ਵੇਖਦਿਆਂ ਪਿਛਲੇ ਸਾਲ ਆਈ. ਟੀ. ਬੀ. ਪੀ. ਇਕਾਂਤਵਾਸ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਹੁਣ ਤਕ ਇੱਥੇ 8 ਦੇਸ਼ਾਂ ਦੇ ਨਾਗਰਿਕਾਂ ਸਮੇਤ 1200 ਤੋਂ ਵੱਧ ਲੋਕਾਂ ਨੂੰ ਠਹਿਰਾਇਆ ਜਾ ਚੁੱਕਾ ਹੈ। 

ਪਿਛਲੇ ਸਾਲ ਵੁਹਾਨ ਤੋਂ ਪਰਤੇ ਭਾਰਤੀਆਂ ਅਤੇ ਕੁਝ ਵਿਦੇਸ਼ੀਆਂ ਦਾ ਪਹਿਲਾ ਦਲ ਵੀ ਇੱਥੇ ਇਕਾਂਤਵਾਸ ਕੇਂਦਰ ਵਿਚ ਰਿਹਾ ਸੀ। ਆਈ. ਟੀ. ਬੀ. ਪੀ., ਗ੍ਰਹਿ ਮੰਤਰਾਲਾ ਦੇ ਅਧੀਨ ਆਉਣ ਵਾਲਾ ਇਕ ਸਰਹੱਦ ਸੁਰੱਖਿਆ ਫੋਰਸ ਹੈ ਅਤੇ ਇਸ ਨੂੰ ਮੁੱਖ ਰੂਪ ਨਾਲ ਦੇਸ਼ ਦੇ ਅੰਦਰੂਨੀ ਸੁਰੱਖਿਆ ਖੇਤਰ ’ਚ ਵੱਖ-ਵੱਖ ਪ੍ਰਕਾਰ ਦੀਆਂ ਭੂਮਿਕਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਚੀਨ ਨਾਲ 3,488 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ ਦੀ ਰਾਖੀ ਦਾ ਕੰਮ ਸੌਂਪਿਆ ਗਿਆ ਹੈ।

Tanu

This news is Content Editor Tanu