ਪੰਜਾਬ ਸਮੇਤ 7 ਸੂਬਿਆਂ ''ਚ ਹਵਾਈ ਅੱਡਿਆਂ ਦੇ ਵਿਕਾਸ ਲਈ 629 ਕਰੋੜ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

02/22/2019 5:00:17 PM

ਨਵੀਂ ਦਿੱਲੀ — ਸਿਵਲ ਐਵੀਏਸ਼ਨ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ 7 ਸੂਬਿਆਂ 'ਚ ਹਵਾਈ ਅੱਡਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ 629.15 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਬੁਨਿਆਦ ਰੱਖੀ। ਪ੍ਰਭੂ ਨੇ ਇਥੋਂ ਵੀਡੀਓ ਕਾਨਫਰੈਂਸ ਦੇ ਜ਼ਰੀਏ ਸ਼ੁੱਕਰਵਾਰ ਨੂੰ ਕੇਰਲ, ਕਰਨਾਟਕ, ਤਾਮਿਲਨਾਡੂ, ਅਸਮ, ਰਾਜਸਥਾਨ, ਪੰਜਾਬ ਅਤੇ ਮਣੀਪੁਰ 'ਚ ਵਿਸਥਾਰ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਵਾਬਾਜ਼ੀ ਸੈਕਟਰ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇ ਰਹੀ ਹੈ। ਨਵੇਂ ਭਾਰਤ ਦੇ ਸਪਨੇ ਨੂੰ ਪੂਰਾ ਕਰਨ ਲਈ ਅੱਜ ਦਾ ਪ੍ਰੋਗਰਾਮ ਮਹੱਤਵਪੂਰਨ ਹੈ। ਇਸ ਸੈਕਟਰ ਦੇ ਵਿਕਾਸ ਲਈ ਵਿਜਨ 2040 ਨਾਲ ਕੰਮ ਕੀਤਾ ਜਾ ਰਿਹਾ ਹੈ। ਡਿਜੀ ਯਾਤਰਾ, ਡ੍ਰੋਨ ਪਾਲਸੀ ਅਤੇ ਉਡਾਨ ਯੋਜਨਾ ਇਸੇ ਦਾ ਹਿੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਖੇਤਰ ਵੱਡੀ ਸੰਖਿਆ ਵਿਚ ਲੋਕਾਂ ਨੂੰ ਰੋਜ਼ਗਾਰ ਦੇ ਸਕਦਾ ਹੈ। ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਹਵਾਈ ਯਾਤਰਾ ਲਈ ਹੁਨਰਮੰਦ ਕਰਮਚਾਰੀ ਤਿਆਰ ਕਰ ਰਹੀ ਹੈ।

ਹਵਾਬਾਜ਼ੀ ਮੰਤਰੀ ਨੇ ਅਸਮ ਵਿਚ ਰੂਪਸੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਇਹ ਹਵਾਈ ਅੱਡਾ 3,250 ਵਰਗ ਮੀਟਰ ਵਿਚ ਫੈਲਿਆ ਹੋਇਆ ਹੈ ਅਤੇ ਇਸ ਸਮੇਂ 'ਚ 300 ਯਾਤਰੀਆਂ ਦੀ ਆਵਾਜਾਈ ਸੰਭਵ ਹੋ ਸਕੇਗੀ। ਪ੍ਰੋਜੈਕਟ ਦਾ ਅੰਦਾਜ਼ਨ ਲਾਗਤ 69 ਕਰੋੜ ਹੈ। 

ਪ੍ਰਭੂ ਨੇ ਕੇਰਲ ਦੇ ਤ੍ਰਿਵੇਂਦਰਮ ਹਵਾਈ ਅੱਡੇ 'ਤੇ 27 ਕਰੋੜ ਦੀ ਲਾਗਤ ਨਾਲ ਐਪ੍ਰਨ ਖੇਤਰ ਦੇ ਵਿਸਥਾਰ ਅਤੇ ਦੋ ਨਵੇਂ ਪਾਰਕਿੰਗ-ਵੇਅ ਨਿਰਮਾਣ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਹਵਾਈ ਅੱਡੇ 'ਤੇ 2.23 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਯਾਤਰੀ ਬੋਰਡਿੰਗ ਪੁੱਲ ਦਾ ਉਦਘਾਟਨ ਵੀ ਕੀਤਾ ਗਿਆ। ਕੇਰਲ ਦੇ ਕਾਲੀਕਟ ਹਵਾਈ ਅੱਡੇ 'ਤੇ 121 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਅੰਤਰਰਾਸ਼ਟਰੀ ਆਗਮਨ ਬਲਾਕ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ 17,000 ਵਰਗ ਮੀਟਰ ਵਿਚ ਫੈਲੇ ਹਨ। 

ਕਰਨਾਟਕ ਦੇ ਮੈਂਗਲੁਰੂ ਹਵਾਈ ਅੱਡੇ 'ਤੇ 133 ਕਰੋੜ ਰੁਪਏ ਦੀ ਲਾਗਤ ਨਾਲ ਟਰਮੀਨਲ ਭਵਨ ਦਾ ਉਦਘਾਟਨ ਕੀਤਾ। ਪੋਜੈਕਟ ਦੇ ਤਹਿਤ ਟਰਮਿਨਲ ਭਵਨ ਦਾ ਖੇਤਰਫਲ 34,587 ਵਰਗ ਮੀਟਰ ਤੋਂ ਵਧਾ ਕੇ 45,930 ਵਰਗ ਮੀਟਰ ਕਰ ਦਿੱਤਾ ਗਿਆ ਹੈ। ਤਾਮਿਲਨਾਡੂ ਦੇ ਮੁਦਰਈ ਹਵਾਈ ਅੱਡੇ 'ਤੇ 26 ਕਰੋੜ ਰੁਪਏ, ਰਾਜਸਥਾਨ ਦੇ ਜੈਪੁਰ ਹਵਾਈ ਅੱਡੇ 'ਤੇ 110 ਕਰੋੜ ਰੁਪਏ ਅਤੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ 96 ਕਰੋੜ ਦੀ ਲਾਗਤ ਨਾਲ ਏਪ੍ਰਨ ਖੇਤਰ ਦੇ ਵਿਸਥਾਰ ਅਤੇ ਪਾਰਕਿੰਗ-ਵੇਅ ਦੀ ਸੰਖਿਆ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ।