50 ਰੁਪਏ ਦਾ ਝਗੜਾ, ਵਿਆਹ ਸਮਾਰੋਹ ''ਚ ਨੌਜਵਾਨ ਦਾ ਕਤਲ

02/10/2018 11:30:38 AM

ਗਾਜ਼ੀਆਬਾਦ— ਵਸੁੰਧਰਾ ਸੈਕਟਰ-8 ਸਥਿਤ ਇਕ ਬੈਂਕਵਿਟ ਹਾਲ 'ਚ 50 ਰੁਪਏ ਨੂੰ ਲੈ ਕੇ ਬੈਂਡ ਅਤੇ ਢੋਲ ਵਾਲਿਆਂ ਦਰਮਿਆਨ ਹੋਏ ਵਿਵਾਦ 'ਚ ਇਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਇਸ ਮਾਮਲੇ 'ਚ 2 ਦੋਸ਼ੀਆਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਦੋਂ ਕਿ ਗੋਲੀ ਚਲਾਉਣ ਵਾਲਾ ਮੁੱਖ ਦੋਸ਼ੀ ਫਰਾਰ ਹੈ। ਪੁਲਸ ਉਸ ਦੀ ਤਲਾਸ਼ 'ਚ ਦਬਿਸ਼ ਦੇ ਰਹੀ ਹੈ। ਇੰਦਰਾਪੁਰਮ ਪੁਲਸ ਇਸ ਗੱਲ 'ਤੇ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਚਲਾਉਣ ਵਾਲਾ ਦੋਸ਼ੀ ਵਿਆਹ ਦੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਿਤੇ ਖੇਤਰ 'ਚ ਲੁੱਟਖੋਹ ਦੀ ਵਾਰਦਾਤ ਨੂੰ ਵੀ ਅੰਜਾਮ ਤਾਂ ਨਹੀਂ ਦਿੰਦਾ ਸੀ।
ਦਿੱਲੀ ਦੇ ਸੁੰਦਰਨਗਰੀ 'ਚ ਇਕਰਾਰ ਇਕ ਬੈਂਡ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨਾਮ 'ਚ ਉਨ੍ਹਾਂ ਨੂੰ ਕਰੀਬ 500 ਰੁਪਏ ਮਿਲੇ ਸਨ। ਉਹ ਸਾਰੇ ਸਾਥੀਆਂ 'ਚ ਇਨ੍ਹਾਂ ਰੁਪਿਆਂ ਨੂੰ ਬਰਾਬਰ ਵੰਡਦੇ ਤਾਂ ਸਾਰਿਆਂ ਦੇ ਹਿੱਸੇ 'ਚ 50 ਰੁਪਏ ਆਉਂਦੇ। ਇਨ੍ਹਾਂ ਨੂੰ 50 ਰੁਪਿਆਂ ਨੂੰ ਲੈ ਕੇ ਸਾਜਿਦ ਨੇ ਆਪਾ ਗਵਾ ਦਿੱਤਾ ਅਤੇ ਅਬਰਾਰ ਦਾ ਕਤਲ ਕਰ ਦਿੱਤਾ। 32 ਬੋਰ ਦੀ ਪਿਸਟਲ ਤੋਂ ਮੁੱਖ ਦੋਸ਼ੀ ਨੇ ਤਿੰਨ ਰਾਊਂਡ ਫਾਇਰਿੰਗ ਕੀਤੀ। ਲੋਕਾਂ ਨੇ 2 ਦੋਸ਼ੀਆਂ ਨੂੰ ਫੜਿਆ ਪਰ ਗੋਲੀ ਮਾਰਨ ਵਾਲਾ ਨੌਜਵਾਨ ਫਰਾਰ ਹੋ ਗਿਆ। ਵਸੁੰਧਰਾ ਸੈਕਟਰ-8 ਸਥਿਤ ਇਕ ਬੈਂਕਵਿਟ ਹਾਲ 'ਚ ਵੀਰਵਾਰ ਰਾਤ ਇਹ ਘਟਨਾ ਹੋਈ।
ਰਾਕੇਸ਼ ਮਿਸ਼ਰ, ਸੀ.ਓ., ਇੰਦਰਾਪੁਰਮ ਨੇ ਕਿਹਾ,''ਵਸੁੰਧਰਾ ਸੈਕਟਰ-8 ਸਥਿਤ ਵਸੁੰਧਰਾ ਬੈਂਕਵਿਟ ਹਾਲ 'ਚ ਚੱਲ ਰਹੇ ਵਿਆਹ ਸਮਾਰੋਹ 'ਚ ਹੋਈ ਵਾਰਦਾਤ। ਪੁਲਸ ਨੇ ਦੇਰ ਰਾਤ 2 ਦੋਸ਼ੀਆਂ ਨੂੰ ਮੌਕੇ ਤੋਂ ਹਿਰਾਸਤ 'ਚ ਲਿਆ ਸੀ। ਮ੍ਰਿਤਕ ਦੇ ਭਰਾ ਇਕਰਾਰ ਨੇ ਗੁਲਫਾਮ, ਸਾਜਿਦ ਅਤੇ ਨੀਰਜ 'ਤੇ ਕਤਲ ਦਾ ਦੋਸ਼ ਲਗਾਉਂਦੇ ਹੋਏ ਰਿਪੋਰਟ ਦਰਜ ਕਰਵਾਈ ਹੈ। ਪੁਲਸ ਜਲਦ ਹੀ ਮੁੱਖ ਦੋਸ਼ੀ ਨੂੰ ਵੀ ਫੜ ਲਵੇਗੀ।'' ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਸਾਜਿਦ ਦਿੱਲੀ ਦੇ ਸੁੰਦਰਨਗਰੀ ਦਾ ਰਹਿਣ ਵਾਲਾ ਹੈ। ਉਹ ਨੰਦਨਗਰੀ ਥਾਣੇ ਦਾ ਹਿਸਟਰੀਸ਼ੀਟਰ ਹੈ। ਉਸ 'ਤੇ 8 ਮੁਕੱਦਮੇ ਦਰਜ ਹਨ।