ਗਰੀਬਾਂ ਦਾ ਇਲਾਜ ਨਾ ਕਰਨ ''ਤੇ 2 ਨਿਜੀ ਹਸਪਤਾਲਾਂ ਨੂੰ ਲੱਗਾ 47 ਕਰੋੜ ਰੁਪਏ ਦਾ ਜੁਰਮਾਨਾ

10/17/2017 1:35:36 AM

ਨਵੀਂ ਦਿੱਲੀ— ਆਰਥਿਕ ਰੂਪ ਤੋਂ ਕਮਜ਼ੋਰ ਮਰੀਜ਼ਾਂ ਦਾ ਮੁਫਤ ਇਲਾਜ ਨਾ ਕਰਨ 'ਤੇ ਦਿੱਲੀ ਸਰਕਾਰ ਦੇ ਸਿਹਤ ਸੇਵਾਵਾਂ ਮੁੱਖ ਦਫਤਰ ਨੇ 2 ਨਿਜੀ ਹਸਪਤਾਲਾਂ ਪੁਸ਼ਪਾਵਤੀ ਸਿੰਘਾਨੀਆ ਰਿਸਰਚ ਇੰਸਟੀਚਿਊਟ (ਪੀ. ਐਸ. ਆਰ. ਆਈ.) ਅਤੇ ਸ਼ਾਂਤੀ ਮੁਕੁੰਦ ਹਸਪਤਾਲ 'ਤੇ 46 ਕਰੋੜ ਰੁਪਏ ਤੋਂ ਜ਼ਿਆਦਾ ਜੁਰਮਾਨਾ ਠੋਕਿਆ ਹੈ।
ਮੁੱਖ ਦਫਤਰ ਨੇ ਦੋਵਾਂ ਹਸਪਤਾਲਾਂ ਨੂੰ ਪਿਛਲੇ ਹਫਤੇ ਨੋਟਿਸ ਭੇਜ ਕੇ ਜੁਰਮਾਨਾ ਭਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਨਿਜੀ ਖੇਤਰ ਦੇ 2 ਹੋਰ ਵੱਡੇ ਹਸਪਤਾਲਾਂ ਨੂੰ ਵੀ ਨੋਟਿਸ ਜਾਰੀ ਕਰਨ ਦੀ ਤਿਆਰੀ ਹੈ।
ਮੁੱਖ ਦਫਤਰ ਦਾ ਕਹਿਣਾ ਹੈ ਕਿ ਸਰਕਾਰ ਨੇ ਨਿਜੀ ਹਸਪਤਾਲਾਂ ਨੂੰ ਰਿਆਇਤੀ ਦਰ 'ਤੇ ਜ਼ਮੀਨ ਉਪਲੱਬਧ ਕਰਾਈ ਹੈ। ਉਨ੍ਹਾਂ ਨੇ ਈ. ਡਬਲਯੂ. ਐਸ. (ਆਰਥਿਕ ਰੂਪ ਤੋਂ ਕਮਜ਼ੋਰ ਵਰਗ) ਕੋਟੇ ਦੇ ਅਧੀਨ ਗਰੀਬ ਮਰੀਜ਼ਾਂ ਦੇ ਇਲਾਜ ਲਈ 10 ਫੀਸਦੀ ਰਿਜ਼ਰਵ ਰੱਖਣ ਅਤੇ ਓ. ਪੀ. ਡੀ. 'ਚ 25 ਫੀਸਦੀ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਨੂੰ ਕਿਹਾ ਹੈ ਪਰ ਨਿਜੀ ਹਸਪਤਾਲ ਇਸ ਦਾ ਪਾਲਣ ਨਹੀਂ ਕਰਦੇ।