45 ਸੰਸਦ ਮੈਂਬਰਾਂ ਤੇ 3 ਵਿਧਾਇਕਾਂ ਵਿਰੁੱਧ ਦਰਜ ਹਨ ਔਰਤਾਂ ਪ੍ਰਤੀ ਅਪਰਾਧਕ ਮਾਮਲੇ

04/20/2018 6:50:19 PM

ਨਵੀਂ ਦਿੱਲੀ— ਦੇਸ਼ ਦੇ 45 ਸੰਸਦ ਮੈਂਬਰਾਂ ਅਤੇ 3 ਵਿਧਾਇਕਾਂ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ ਸਭ ਤੋਂ ਵਧ ਭਾਜਪਾ ਦੇ 12 ਮੈਂਬਰ ਆਉਂਦੇ ਹਨ। 
ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੇ ਦੇਸ਼ 'ਚ ਜਾਰੀ ਗੁੱਸੇ ਦੀ ਭਾਵਨਾ ਦਰਮਿਆਨ ਇਕ ਰਿਪੋਰਟ ਵਿਚ ਉਕਤ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਉੱਤਰ ਪ੍ਰਦੇਸ਼ ਦੇ ਉਨਾਵ ਦਾ ਮਾਮਲਾ ਵੀ ਸ਼ਾਮਲ ਹੈ, ਜਿੱਥੇ ਸੱਤਾਧਾਰੀ ਭਾਜਪਾ ਦਾ ਇਕ ਵਿਧਾਇਕ ਮੁਲਜ਼ਮ ਹੈ। 
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੀ ਰਿਪੋਰਟ ਮੁਤਾਬਕ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕਰਨ ਵਾਲੇ 1580 ਸੰਸਦ ਮੈਂਬਰਾਂ ਜਾਂ ਵਿਧਾਇਕਾਂ ਵਿਚੋਂ 48 ਨੇ ਆਪਣੇ ਵਿਰੁੱਧ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਰਟੀਵਾਰ ਭਾਜਪਾ ਦੇ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ 12 ਹੈ, ਜਿਸ ਪਿੱਛੋਂ ਸ਼ਿਵ ਸੈਨਾ ਦਾ ਨੰਬਰ ਆਉਂਦਾ ਹੈ, ਜਿਸ ਦੇ 7 ਵਿਧਾਇਕ ਜਾਂ ਸੰਸਦ ਮੈਂਬਰ ਔਰਤਾਂ ਨਾਲ ਜੁੜੇ ਅਪਰਾਧ 'ਚ ਸ਼ਾਮਲ ਹਨ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 6 ਹੈ। 
ਰਿਪੋਰਟ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ 4896 ਚੋਣ ਹਲਫਨਾਮਿਆਂ ਵਿਚੋਂ 4845 ਦੇ ਵਿਸ਼ਲੇਸ਼ਣਾਂ 'ਤੇ ਆਧਾਰਤ ਹੈ। ਇਨ੍ਹਾਂ ਵਿਚੋਂ ਸੰਸਦ ਮੈਂਬਰਾਂ ਦੇ 776 ਹਲਫਨਾਮਿਆਂ ਵਿਚੋਂ 768 ਅਤੇ ਵਿਧਾਇਕਾਂ ਦੇ 4120 ਹਲਫਨਾਮਿਆਂ ਵਿਚੋਂ 4077 ਦਾ 
ਵਿਸ਼ਲੇਸ਼ਣ ਕੀਤਾ ਗਿਆ। 
ਬੀਤੇ 5 ਸਾਲ ਦੌਰਾਨ 26 ਉਮੀਦਵਾਰਾਂ ਨੇ ਰੇਪ ਦੇ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ। 
3 ਵਿਧਾਇਕਾਂ 'ਤੇ ਰੇਪ ਦੇ ਮਾਮਲੇ-ਰਿਪੋਰਟ ਮੁਤਾਬਕ ਆਂਧਰਾ ਪ੍ਰਦੇਸ਼ ਤੋਂ ਤੇਲਗੂ ਦੇਸ਼ਮ ਪਾਰਟੀ ਦੇ ਵਿਧਾਇਕ ਕੇ. ਜੀ. ਸੂਰਯਾ ਨਾਰਾਇਣ, ਗੁਜਰਾਤ ਤੋਂ ਭਾਜਪਾ ਦੇ ਜੇਠਾ ਭਾਈ ਜੀ ਅਹੀਰ ਅਤੇ ਬਿਹਾਰ ਤੋਂ ਰਾਸ਼ਟਰੀ ਜਨਤਾ ਦਲ ਦੇ ਗੁਲਾਬ ਯਾਦਵ ਨੇ ਰੇਪ ਨਾਲ ਜੁੜੇ ਮਾਮਲੇ ਦੀ ਜਾਣਕਾਰੀ ਆਪਣੇ ਹਲਫੀਆ ਬਿਆਨ ਵਿਚ ਦਿੱਤੀ ਹੈ।