ਗਿੰਨੀਜ਼ ਰਿਕਾਰਡ ਤੋੜਨ ਲਈ ਕੇਰਲ ’ਚ 15 ਜਨਵਰੀ ਨੂੰ ਬਣਾਇਆ ਜਾਵੇਗਾ 4.5 ਕਿਲੋਮੀਟਰ ਲੰਮਾ ਕੇਕ

01/06/2020 12:28:25 AM

ਤਿਰੂਵਨੰਤਪੁਰਮ (ਭਾਸ਼ਾ)-ਚੀਨ ਦਾ ਰਿਕਾਰਡ ਤੋੜਨ ਅਤੇ ਨਵਾਂ ਗਿੰਨੀਜ਼ ਰਿਕਾਰਡ ਭਾਰਤ ਦੇ ਨਾਂ ਦਰਜ ਕਰਾਉਣ ਦੇ ਮਕਸਦ ਨਾਲ ਪੂਰੇ ਕੇਰਲ ਦੇ ਸ਼ੈੱਫ ਅਤੇ ਬੇਕਰ 15 ਜਨਵਰੀ ਨੂੰ ਤ੍ਰਿਸ਼ੂਰ 'ਚ ਇਕੱਠੇ ਮਿਲ ਕੇ 4.5 ਕਿਲੋਮੀਟਰ ਲੰਮਾ ਕੇਕ ਬਣਾਉਣਗੇ। ਨੈਸ਼ਨਲ ਫੋਰਮ ਆਫ ਬੇਕਰਸ ਦੇ ਪ੍ਰਧਾਨ ਪੀ. ਐੱਮ. ਸ਼ੰਕਰਨ ਨੇ ਦੱਸਿਆ ਕਿ ਚੀਨ ਦੇ ਗਿੰਨੀਜ਼ ਬੁੱਕ ਰਿਕਾਰਡ ਨੂੰ ਪਿੱਛੇ ਛੱਡਣ ਲਈ ਸੂਬੇ ਦੀਆਂ 10,000 ਮਾਈਕ੍ਰੋ ਅਤੇ ਛੋਟੀਆਂ ਬੇਕਰੀ ਇਕਾਈਆਂ 'ਚ ਕੰਮ ਕਰਨ ਵਾਲੇ ਬੇਕਰ ਅਤੇ ਸ਼ੈੱਫ ਕੇਕ ਬਣਾਉਣ 'ਚ ਭਾਗ ਲੈਣਗੇ। ਇਸ ਕੇਕ ਦੀ ਉਚਾਈ ਅਤੇ ਚੌੜਾਈ 4-4 ਇੰਚ ਹੋਵੇਗੀ, ਜਿਸ ਨੂੰ ਸੜਕ ਕੰਢੇ ਟੇਬਲ ਅਤੇ ਡੈੱਸਕ 'ਤੇ ਬਣਾਇਆ ਜਾਵੇਗਾ ਅਤੇ ਸਾਧਾਰਨ ਆਧਾਰ ਵਾਲੇ ਉਸ ਕੇਕ 'ਤੇ ਵੇਨੀਲਾ ਕ੍ਰੀਮ ਹੋਵੇਗੀ। ਇਸ ਦੇ ਲਈ ਲਗਭਗ 4,000 ਡੈਸਕਾਂ ਦੀ ਲੋੜ ਪਵੇਗੀ।

ਸ਼ੰਕਰਨ ਨੇ ਕਿਹਾ ਕਿ ਅਜਿਹਾ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਇੰਨੇ ਵੱਡੇ ਪੱਧਰ 'ਤੇ ਹਜ਼ਾਰਾਂ ਲੋਕਾਂ ਸਾਹਮਣੇ ਖੁੱਲ੍ਹੇ 'ਚ ਇਹ ਕੰਮ ਕੀਤਾ ਜਾਵੇਗਾ, ਜਿੱਥੇ ਸਭ ਲੋਕ ਇਸ ਨੂੰ ਬਣਦੇ ਵੇਖਣਗੇ। ਮੌਜੂਦਾ 'ਚ ਚੱਲ ਰਹੇ ਦਿਨ-ਰਾਤ ਸ਼ਾਪਿੰਗ ਫੈਸਟੀਵਲ ਦੀ ਸਮਾਪਤੀ ਤ੍ਰਿਸ਼ੂਰ ਦੇ ਮਸ਼ਹੂਰ ਮੈਦਾਨ ਅਤੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਕੇਕ ਬਣਾਉਣ ਦੇ ਪ੍ਰੋਗਰਾਮ ਦਾ ਆਯੋਜਨ ਬੇਕਰਸ ਐਸੋਸੀਏਸ਼ਨ ਕੇਰਲ (ਬੇਕ) ਕਰਨ ਜਾ ਰਹੀ ਹੈ। ਇਹ ਇਕ ਤਰ੍ਹਾਂ ਨਾਲ ਖੁੱਲ੍ਹੇ 'ਚ ਆਪਣੇ ਸਾਫ-ਸੁਥਰੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਵੀ ਮੌਕਾ ਹੋਵੇਗਾ। ਆਮ ਜਨਤਾ ਦੇ ਸਾਹਮਣੇ ਦੁਪਹਿਰ ਬਾਅਦ ਪ੍ਰੋਗਰਾਮ ਸ਼ੁਰੂ ਹੋਣ ਤੋਂ ਇਕ ਘੰਟੇ ਦੇ ਅੰਦਰ ਇਸ ਨੂੰ ਤਿਆਰ ਕੀਤਾ ਜਾਵੇਗਾ।

ਚੀਨ ਨੇ ਬਣਾਇਆ ਸੀ 3.2 ਕਿ. ਮੀ. ਲੰਮਾ ਕੇਕ
ਮੌਜੂਦਾ 'ਚ ਚੀਨ ਦੇ ਕੋਲ ਸਭ ਤੋਂ ਲੰਮਾ ਕੇਕ ਬਣਾਉਣ ਦਾ ਵਿਸ਼ਵ ਰਿਕਾਰਡ ਹੈ, ਜਿਸ ਦੀ ਲੰਬਾਈ 3.2 ਕਿ. ਮੀ. ਸੀ। ਇਹ ਕੇਕ ਜੀਜਾਈ ਬ੍ਰੈੱਡ ਇੰਟਰਨੈਸ਼ਨਲ ਟੂਰਿਜ਼ਮ ਫੈਸਟੀਵਲ ਦੌਰਾਨ ਜਿਆਂਗਜੀ ਬੇਕਰੀ ਐਸੋਸੀਏਸ਼ਨ ਨੇ 7 ਮਈ 2018 ਨੂੰ ਇਕ ਹਾਲ ਦੇ ਅੰਦਰ ਤਿਆਰ ਕੀਤੀ ਸੀ।

Karan Kumar

This news is Content Editor Karan Kumar