26 ਜਨਵਰੀ ਨੂੰ ਲੈ ਕੇ LOC ''ਤੇ ਖਾਸ ਅਲਰਟ, ਫੌਜ ਨੇ ਵਧਾਈ ਸੁਰੱਖਿਆ

01/22/2018 8:34:29 PM

ਜੰਮੂ—ਕਸ਼ਮੀਰ ਘਾਟੀ 'ਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਸਰਹੱਦ ਪਾਰ ਬੈਠੇ ਅੱਤਵਾਦੀਆਂ ਨੇ ਆਪਣੀ ਰਣਨੀਤੀ ਬਦਲ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਜੰਮੂ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਫੌਜ ਲਗਾਤਾਰ ਗੋਲੀਬਾਰੀ ਦੀ ਆੜ 'ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਫਿਰਾਕ 'ਚ ਹੈ। ਇਹ ਜਾਣਕਾਰੀ ਖੂਫੀਆ ਸੂਤਰਾਂ ਤੋਂ ਮਿਲੀ ਹੈ।
ਸੂਤਰਾਂ ਮੁਤਾਬਕ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ 'ਤੇ ਵੱਡੀ ਅੱਤਵਾਦੀ ਘਟਨਾ ਨੂੰ ਪੂਰਾ ਕਰਨ ਲਈ ਅੱਤਵਾਦੀ ਲਗਾਤਾਰ ਘੁਸਪੈਠ ਦੀ ਫਿਰਾਕ 'ਚ ਹਨ। ਪਾਕਿਸਤਾਨੀ ਫੌਜ ਪਿਛਲੇ ਕੁਝ ਦਿਨਾਂ ਤੋਂ ਬਾਰ-ਬਾਰ ਗੋਲੀਬਾਰੀ ਕਰ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।
ਪਿਛਲੇ ਇਕ ਸਾਲ 'ਚ ਫੌਜ ਨੇ ਕਸ਼ਮੀਰ ਘਾਟੀ 'ਚ ਆਲ ਆਊਟ ਆਪਰੇਸ਼ਨ ਦੁਆਰਾ 200 ਤੋਂ ਵੱਧ ਅੱਤਵਾਦੀ ਮਾਰੇ ਸਨ। ਕੰਟਰੋਲ ਰੇਖਾ 'ਤੇ ਫੌਜ ਦੀ ਮੌਜੂਦਗੀ ਕਾਰਨ ਅੱਤਵਾਦੀ ਘੁਸਪੈਠ ਕਰਨ 'ਚ ਅਸਫਲ ਰਹੇ ਹਨ। ਮੌਜੂਦਾ ਸਮੇਂ 'ਚ ਬਰਫਬਾਰੀ ਕਾਰਨ ਜ਼ਿਆਦਾਤਰ ਕਸ਼ਮੀਰ ਘਾਟੀ ਬਰਫ ਨਾਲ ਢਕੀ ਹੋਈ ਹੈ, ਅਜਿਹੀ ਸਥਿਤੀ 'ਚ ਅੱਤਵਾਦੀਆਂ ਨੇ ਕਸ਼ਮੀਰ 'ਚ ਆਪਣੀ ਅਸਫਲਤਾ ਨੂੰ ਨਕਾਰ ਕੇ ਜੰਮੂ 'ਚ ਕੌਮਾਂਤਰੀ ਸਰਹੱਦ ਰਾਹੀਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ।
ਬਦਲੇ ਹੋਏ ਹਾਲਾਤ 'ਚ ਫੌਜ ਅਤੇ ਬੀ. ਐੱਸ. ਐੱਫ. ਨੇ ਸਰਹੱਦ 'ਤੇ ਆਪਣੀ ਸੁਰੱਖਿਆ ਕਈ ਗੁਣਾ ਵਧਾ ਦਿੱਤੀ ਹੈ। ਫੌਜ, ਬੀ. ਐੱਸ. ਐੱਫ., ਆਈ. ਬੀ. ਵਲੋਂ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। 26 ਜਨਵਰੀ ਨੂੰ ਸਰਹੱਦ ਤੇ ਇਕ ਹਾਈ ਅਲਰਟ ਕੀਤਾ ਗਿਆ ਹੈ ਕਿਉਂਕਿ ਫੌਜ ਅਤੇ ਸੁਰੱਖਿਆ ਬਲ ਅੱਤਵਾਦੀਆਂ ਨੂੰ ਇਕ ਵੀ ਮੌਕਾ ਨਹੀਂ ਦੇਣਾ ਚਾਹੁੰਦੇ ਹਨ।