ਕੋਰੋਨਾ ਤੋਂ ਬਾਅਦ ਟੁੱਟਿਆ ਰਿਕਾਰਡ! ਮਹਾਕਾਲ ਮੰਦਰ ’ਚ 3 ਮਹੀਨਿਆਂ ’ਚ ਹੋਇਆ 23 ਕਰੋੜ ਦਾ ਦਾਨ

10/18/2021 1:01:32 PM

ਉਜੈਨ- ਵਿਸ਼ਵ ਪ੍ਰਸਿੱਧ ਬਾਬਾ ਮਹਾਕਾਲ ਮੰਦਰ ’ਚ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਆਸਥਾ ਨਾਲ ਮਹਾਕਾਲ ਦੇ ਦਰਸ਼ਨ ਕਰਨ ਪਹੁੰਚਦੇ ਹਨ। ਇਸ ਆਸਥਾ ਦੇ ਨਾਲ-ਨਾਲ ਲੋਕ ਮੰਦਰ ’ਚ ਦਾਨ ਕਰਨ ’ਚ ਵੀ ਪਿੱਛੇ ਨਹੀਂ ਹਨ। ਇਸ ਦਾ ਉਦਾਹਰਣ ਕੋਰੋਨਾ ਤੋਂ ਬਾਅਦ ਖੁੱਲ੍ਹੇ ਬਾਬਾ ਮਹਾਕਾਲ ਦੀ ਦਾਨ ਪੇਟੀ ਤੋਂ ਹੋਇਆ। ਜਿੱਥੇ 3 ਮਹੀਨਿਆਂ 17 ਦਿਨ ਯਾਨੀ 110 ਦਿਨਾਂ ’ਚ ਸ਼ਰਧਾਲੂਆਂ ਨੇ ਮੰਦਰ ’ਚ ਵੱਖ-ਵੱਖ ਮਾਧਿਅਮ ਨਾਲ ਕਰੋੜਾਂ ਦੀ ਦਾਨ ਰਾਸ਼ੀ ਮੰਦਰ ਨੂੰ ਭੇਟ ਕੀਤੀ ਹੈ। ਇਸ ’ਚ ਪ੍ਰੋਟੋਕਾਲ ਵੀ.ਆਈ.ਪੀ. ਟਿਕਟ, ਲੱਡੂ ਪ੍ਰਸਾਦ, ਦਾਨ ਪਾਤਰ, ਭਸਮ ਆਰਤੀ ਬੁਕਿੰਗ ਅਤੇ ਹੋਰ ਮਾਧਿਅਮ ਸ਼ਾਮਲ ਹਨ। ਦੱਸਣਯੋਗ ਹੈ ਕਿ ਮੰਦਰ ’ਚ ਮਿਲੀ ਦਾਨ ਰਾਸ਼ੀ 28 ਜੂਨ 2021 ਤੋਂ ਲੈ ਕੇ 15 ਅਕਤੂਬਰ 2021 ਯਾਨੀ 110 ਦਿਨਾਂ ’ਚ ਆਈ ਹੈ, ਜਿਸ ਦੀ ਜਾਣਕਾਰੀ ਮੰਦਰ ਦੇ ਸਹਾਇਕ ਪ੍ਰਸ਼ਾਸਕ ਮੂਲਚੰਦ ਜੂਨਵਾਲ ਨੇ ਦਿੱਤੀ। ਖ਼ਾਸ ਗੱਲ ਇਹ ਹੈ ਕਿ ਮੰਦਰ ਦੀ ਦਾਨ ਪੇਟੀ ਤੋਂ ਵਿਦੇਸ਼ੀ ਕਰੰਸੀ ਵੀ ਨਿਕਲੀ ਹੈ।

ਮਹਾਕਾਲ ਮੰਦਰ ਕਮੇਟੀ ਦੇ ਪ੍ਰਧਾਨ ਕਲੈਕਟਰ ਆਸ਼ੀਸ਼ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੰਦਰ ਦਾ ਵਿਸਥਾਰ ਹੋ ਰਿਹਾ ਹੈ, ਉਸ ਲਈ ਸਰੋਤ ਵੀ ਜੁਟਾਉਣੇ ਹੋਣਗੇ। ਇਸ ਲਈ ਦਾਨ ਦੇਣ ਵਾਲਿਆਂ ਨੂੰ ਅਪੀਲ ਹੈ ਕਿ ਵੱਡੀ ਗਿਣਤੀ ’ਚ ਸ਼ਰਧਾਲੂ ਦਾਨ ਕਰ ਕੇ ਆਪਣਾ ਯੋਗਦਾਨ ਦੇਣ। ਇਸ ਰਾਸ਼ੀ ਨੂੰ ਅਸੀਂ ਬਹੁਤ ਪਾਰਦਰਸ਼ਤਾ ਨਾਲ ਮੰਦਰ ਦੇ ਕੰਮਾਂ ਅਤੇ ਆਮ ਜਨਤਾ ਦੀਆਂ ਸਹੂਲਤਾਂ ’ਚ ਖਰਚ ਕਰਾਂਗੇ। ਦਰਅਸਲ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਰ ’ਚ ਦੇਸ਼ ਭਰ ਤੋਂ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਦੇ ਹਨ। ਇਸ ਵਾਰ ਕੋਰੋਨਾ ਸੰਕਰਮਣ ਕਾਰਨ 2021 ਦੇ ਕੁਝ ਮਹੀਨਿਆਂ  ਲਈ ਸ਼ਰਧਾਲੂਆਂ ਦਾ ਪ੍ਰਵੇਸ਼ ਮੰਦਰ ’ਚ ਬੰਦ ਕਰ ਦਿੱਤਾ ਗਿਆ ਸੀ, ਇਸ ਤੋਂ ਬਾਅਦ ਸੰਕਰਮਣ ਦਰ ਘੱਟ ਹੁੰਦੇ ਹੀ ਮੰਦਰ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਲੈ ਕੇ 28 ਜੂਨ ਨੂੰ ਮੁੜ ਆਮ ਜਨਤਾ ਲਈ ਬਾਬਾ ਮਹਾਕਾਲ ਦਾ ਦਰਬਾਰ ਖੋਲ੍ਹ ਦਿੱਤਾ। 

DIsha

This news is Content Editor DIsha