ਦਿੱਲੀ ਕਮੇਟੀ ਦੇ 21 ਮੈਂਬਰਾਂ ਨੇ ਜਨਰਲ ਹਾਊਸ ਬੁਲਾਉਣ ਦੀ ਕੀਤੀ ਮੰਗ

05/19/2021 7:51:08 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 21 ਮੈਂਬਰਾਂ ਨੇ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਪੱਤਰ ਲਿਖ ਕੇ ਤੁਰੰਤ ਜਨਰਲ ਹਾਊਸ ਬੁਲਾਉਣ ਦੀ ਮੰਗ ਕੀਤੀ ਹੈ। ਕਮੇਟੀ ਦੇ ਜਨਰਲ ਮੈਨੇਜਰ ਧਰਮਿੰਦਰ ਸਿੰਘ ਨੂੰ ਕਮੇਟੀ ਦਫ਼ਤਰ ਵਿਖੇ ਸੌਂਪੇ ਮੰਗ ਪੱਤਰ 'ਚ ਕਮੇਟੀ ਮੈਂਬਰਾਂ ਨੇ ਪ੍ਰਬੰਧਕਾਂ ਨੂੰ 14 ਦਿਨ 'ਚ ਜਨਰਲ ਹਾਊਸ ਬੁਲਾਉਣ ਦੀ ਮੰਗ ਕੀਤੀ ਹੈਂ। ਨਾਲ ਹੀ ਜਨਰਲ ਹਾਊਸ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੀ ਥਾਂ ਕਿਸੇ ਹੋਰ ਥਾਂ ਬੁਲਾਉਣ ਦੀ ਸਲਾਹ ਵੀ ਦਿੱਤੀ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਉੱਥੇ ਕੋਵਿਡ ਸੈਂਟਰ ਚੱਲ ਰਿਹਾ ਹੈ, ਇਸ ਲਈ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਕਮੇਟੀ ਜਨਰਲ ਸਕੱਤਰ ਵੱਲੋਂ 14 ਦਿਨਾਂ ਦੇ ਨਿਰਧਾਰਿਤ ਸਮੇਂ 'ਚ ਜਨਰਲ ਹਾਊਸ ਨਾ ਬੁਲਾਉਣ ਉੱਤੇ ਉਕਤ ਮੈਂਬਰਾਂ ਨੇ ਕਮੇਟੀ ਦੇ ਜੋਖ਼ਮ, ਖ਼ਰਚ ਤੇ ਜ਼ਿੰਮੇਵਾਰੀ ਉੱਤੇ ਖ਼ੁਦ ਜਨਰਲ ਹਾਊਸ ਬੁਲਾਉਣ ਦੀ ਚਿਤਾਵਨੀ ਵੀ ਦਿੱਤੀ ਹੈਂ। ਇੱਥੇ ਦੱਸ ਦੇਈਏ ਕਿ ਦਿੱਲੀ ਕਮੇਟੀ ਐਕਟ 1971 ਅਨੁਸਾਰ 17 ਮੈਂਬਰ ਆਪਣੇ ਦਸਤਖ਼ਤ ਵਾਲੇ ਪੱਤਰ ਦੇ ਜਰੀਏ ਕਮੇਟੀ ਜਨਰਲ ਸਕੱਤਰ ਪਾਸੋਂ ਕਦੇ ਵੀ ਜਨਰਲ ਹਾਊਸ ਬੁਲਾਉਣ ਦੀ ਮੰਗ ਕਰ ਸਕਦੇ ਹਨ। ਪਰ ਅੱਜ ਸੌਂਪੇ ਪੱਤਰ ਵਿੱਚ 20 ਮੈਂਬਰਾਂ ਦੇ ਅਤੇ ਨਾਲ ਵਿੱਚ ਨੱਥੀ ਇੱਕ ਹੋਰ ਪੱਤਰ ਵਿੱਚ 1 ਮੈਂਬਰ ਦੇ ਦਸਤਖ਼ਤ ਮੌਜੂਦ ਹਨ। ਦਿੱਲੀ ਕਮੇਟੀ ਨੂੰ ਦਿੱਤੇ ਗਏ ਇਸ ਮੰਗ ਪੱਤਰ ਦੀ ਕਾਪੀ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਵੀ ਜਮਾਂ ਕਰਵਾਈ ਗਈ ਹੈ।
ਜਨਰਲ ਹਾਊਸ ਬੁਲਾਉਣ ਲਈ ਦਿੱਤੇ ਗਏ ਏਜੰਡੇ 'ਚ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਭਿਰਸ਼ਟਾਚਾਰ ਮਾਮਲੇ ਵਿੱਚ ਹੋਈ 2 ਐਫ. ਆਈ. ਆਰ. ਅਤੇ ਅਮਿਤਾਭ ਬਚਨ ਵੱਲੋਂ ਦਿੱਤੇ ਗਏ ਚੰਦੇ ਉੱਤੇ ਚਰਚਾ ਕਰਵਾਉਣ ਦੀ ਅਪੀਲ ਕੀਤੀ ਗਈ ਹੈਂ। ਪੱਤਰ ਉੱਤੇ ਦਸਤਖ਼ਤ ਕਰਨ ਵਾਲੀਆਂ 'ਚ ਜਾਗੋ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਪੰਥਕ ਅਕਾਲੀ ਲਹਿਰ ਪਾਰਟੀ ਸਣੇ ਆਜ਼ਾਦ ਮੈਂਬਰ ਵੀ ਸ਼ਾਮਿਲ ਹਨ। ਜਿਨ੍ਹਾਂ 'ਚ ਮਨਜੀਤ ਸਿੰਘ ਜੀਕੇ, ਕੁਲਵੰਤ ਸਿੰਘ ਬਾਠ, ਹਰਿੰਦਰ ਪਾਲ ਸਿੰਘ, ਗੁਰਮੀਤ ਸਿੰਘ ਸ਼ੰਟੀ, ਹਰਮਨਜੀਤ ਸਿੰਘ, ਪਰਮਜੀਤ ਸਿੰਘ ਰਾਣਾ, ਤਰਵਿੰਦਰ ਸਿੰਘ ਮਾਰਵਾਹ, ਚਮਨ ਸਿੰਘ, ਕਰਤਾਰ ਸਿੰਘ ਵਿੱਕੀ ਚਾਵਲਾ, ਸੁਖਬੀਰ ਸਿੰਘ ਕਾਲਰਾ, ਬਲਦੇਵ ਸਿੰਘ ਰਾਣੀ ਬਾਗ਼, ਹਰਜਿੰਦਰ ਸਿੰਘ, ਇੰਦਰਮੋਹਨ ਸਿੰਘ, ਮਨਮੋਹਨ ਸਿੰਘ ਵਿਕਾਸ ਪੁਰੀ, ਕੁਲਤਾਰਨ ਸਿੰਘ, ਹਰਜੀਤ ਸਿੰਘ ਜੀਕੇ, ਸਵਰਨ ਸਿੰਘ ਬਰਾੜ, ਸ਼ਿਵਚਰਨ ਸਿੰਘ ਲਾਂਬਾ, ਮਲਕਿੰਦਰ ਸਿੰਘ, ਮਹਿੰਦਰ ਸਿੰਘ ਭੁੱਲਰ ਅਤੇ ਜਤਿੰਦਰ ਸਿੰਘ ਸਾਹਨੀ ਸ਼ਾਮਿਲ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh