ਕਾਨਪੁਰ 'ਚ 1984 ਸਿੱਖ ਵਿਰੋਧੀ ਦੰਗਿਆਂ ਦੇ ਕੇਸ ਦੀਆਂ ਫਾਈਲਾਂ ਗੁੰਮ : SIT

09/16/2019 2:10:33 PM

ਕਾਨਪੁਰ— 1984 ਸਿੱਖ ਵਿਰੋਧੀ ਦੰਗਿਆਂ ਦੌਰਾਨ ਕਤਲ, ਲੁੱਟ-ਖੋਹ ਵਰਗੇ ਗੰਭੀਰ ਮਾਮਲਿਆਂ ਦੀਆਂ ਮਹੱਤਵਪੂਰਨ ਫਾਈਲਾਂ ਕਾਨਪੁਰ 'ਚ ਸਰਕਾਰੀ ਰਿਕਾਰਡ ਤੋਂ ਗੁੰਮ ਹੋ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਇਸ ਉਦਯੋਗਿਕ ਕਸਬੇ 'ਚ 125 ਤੋਂ ਵਧ ਸਿੱਖਾਂ ਦਾ ਕਤਲ ਹੋਇਆ ਸੀ। ਦਿੱਲੀ ਤੋਂ ਬਾਅਦ ਕਾਨਪੁਰ 'ਚ ਵੱਡੀ ਗਿਣਤੀ 'ਚ ਸਿੱਖ ਕਤਲ ਕੀਤੇ ਗਏ ਸਨ। ਇਹ ਦੰਗੇ 31 ਅਕਤੂਬਰ 1984 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਭੜਕੇ ਸਨ। 1984 ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਮੁੜ ਤੋਂ ਕਰਨ ਲਈ ਸੂਬਾ ਸਰਕਾਰ ਵਲੋਂ ਫਰਵਰੀ 2019 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਗਠਿਤ ਕੀਤੀ ਗਈ। 

ਟੀਮ ਨੇ ਕਾਨਪੁਰ 'ਚ ਇਸ ਕੇਸ ਦੀ ਮੁੜ ਜਾਂਚ ਲਈ ਪੁਲਸ ਰਿਕਾਰਡ ਖੰਗਾਲੇ ਤਾਂ ਪਤਾ ਲੱਗਾ ਕਿ ਕਤਲ ਨਾਲ ਸੰਬੰਧਤ ਕਈ ਮਹੱਤਵਪੂਰਨ ਫਾਈਲਾਂ ਗਾਇਬ ਹਨ। ਕੁਝ ਮਾਮਲਿਆਂ 'ਚ ਐੱਸ. ਆਈ. ਟੀ. ਨੂੰ ਐੱਫ. ਆਈ. ਆਰ. ਅਤੇ ਕੇਸ ਡਾਇਰੀਆਂ ਤਕ ਨਹੀਂ ਮਿਲੀਆਂ। ਫਾਈਲਾਂ ਦਾ ਗਾਇਬ ਹੋਣਾ ਸਿੱਖ ਕਤਲੇਆਮ ਦੀ ਜਾਂਚ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਐੱਸ. ਆਈ. ਟੀ. ਦੇ ਚੇਅਰਮੈਨ ਅਤੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ ਅਤੁਲ ਨੇ ਕਿਹਾ ਕਿ ਫਾਈਲਾਂ ਦਾ ਇਸ ਤਰ੍ਹਾਂ ਗਾਇਬ ਹੋਣਾ ਕੇਸ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਫਾਈਲਾਂ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇੱਥੇ ਦੱਸ ਦੇਈਏ ਕਿ ਕਾਨਪੁਰ 'ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਤਲ, ਹੱਤਿਆ ਦੀ ਕੋਸ਼ਿਸ਼, ਡਕੈਤੀ, ਲੁੱਟ-ਖੋਹ, ਅੱਗਜ਼ਨੀ, ਹਮਲਾ ਕਰਨ ਜਾਨ ਤੋਂ ਮਾਰਨ ਦੀ ਧਮਕੀ ਦੇ ਲੱਗਭਗ 1250 ਕੇਸ ਦਰਜ ਹੋਏ ਸਨ। ਗਾਇਬ ਹੋਈਆਂ ਫਾਈਲਾਂ ਕਤਲ ਅਤੇ ਡਕੈਤੀ ਵਰਗੇ ਗੰਭੀਰ ਅਪਰਾਧਾਂ ਦੀਆਂ ਹਨ। ਐੱਸ. ਆਈ. ਟੀ. ਨੇ ਸ਼ੁਰੂ 'ਚ 38 ਅਪਰਾਧਾਂ ਨੂੰ ਗੰਭੀਰ ਮੰਨਿਆ ਹੈ, ਜਿਨ੍ਹਾਂ 'ਚ 26 ਮਾਮਲਿਆਂ ਦੀ ਜਾਂਚ ਪੁਲਸ ਬੰਦ ਕਰ ਚੁੱਕੀ ਹੈ। ਐੱਸ. ਆਈ. ਟੀ. ਨੇ ਇਨ੍ਹਾਂ ਮਾਮਲਿਆਂ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ, ਤਾਂ ਕਿ ਦੋਸ਼ੀ ਬਚ ਨਾ ਸਕਣ। ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ ਅਤੁਲ ਨੇ ਕਿਹਾ ਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਪੁਲਸ ਨੇ ਸਬੂਤਾਂ ਦੀ ਘਾਟ 'ਚ ਕਤਲ ਦੇ ਮਾਮਲੇ ਬੰਦ ਕਰ ਦਿੱਤੇ ਜਾਂ ਉਨ੍ਹਾਂ ਨੇ ਕੋਰਟ 'ਚ ਦੋਸ਼ ਪੱਤਰ ਦਾਇਰ ਕੀਤੇ। 

Tanu

This news is Content Editor Tanu