2 ਯਾਤਰੀ ਵਾਹਨਾਂ 'ਤੇ ਡਿੱਗੀਆਂ ਚੱਟਾਨਾਂ, 19 ਲੋਕ ਦੱਬੇ ਗਏ, 7 ਦੀ ਮੌਤ

08/21/2018 12:16:12 PM

ਕਿਸ਼ਤਵਾੜ (ਅਜੇ)-ਬਟੌਤ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ 'ਤੇ ਅੱਜ ਸਵੇਰੇ ਕਿਸ਼ਤਵਾੜ ਤੋਂ ਕਰੀਬ 27 ਕਿਲੋਮੀਟਰ ਦੂਰ ਕੁਲੀਗੜ੍ਹ ਖੇਤਰ ਵਿਚ ਅਚਾਨਕ ਢਿਗਾਂ ਡਿੱਗਣ ਕਾਰਨ ਕਿਸ਼ਤਵਾੜ ਵੱਲ ਆ ਰਹੀ ਇਕ ਬੱਸ ਅਤੇ ਇਕ ਕਾਰ ਚੱਟਾਨਾਂ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਦੋਵਾਂ ਵਾਹਨਾਂ ਵਿਚ ਸਵਾਰ 19 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 7 ਦੀ ਮੌਤ ਹੋ ਗਈ, ਜਦਕਿ 12 ਲੋਕ ਜ਼ਖ਼ਮੀ ਹਨ, ਜਿਨ੍ਹਾਂ ਨੂੰ ਕਿਸ਼ਤਵਾੜ ਅਤੇ ਡੋਡਾ ਦੇ ਜ਼ਿਲਾ ਹਸਪਤਾਲਾਂ 'ਚ ਲਿਆਂਦਾ ਗਿਆ ਸੀ।  ਸੂਚਨਾ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਕਿਸ਼ਤਵਾੜ ਵਲ ਆ ਰਹੇ ਮਚੈਲ ਯਾਤਰੀਆਂ ਦੇ 2 ਵਾਹਨ ਮੈਟਾਡੋਰ  (ਨੰ. ਜੇ ਕੇ 14- ਬੀ 3812) ਅਤੇ ਇਕ ਮਾਰੂਤੀ ਕਾਰ (ਨੰ. ਜੇ ਕੇ 02 ਕੇ 5777) 'ਤੇ ਅਚਾਨਕ ਵੱਡੀਆਂ-ਵੱਡੀਆਂ ਚੱਟਾਨਾਂ ਡਿੱਗ ਗਈਆਂ, ਜਿਸ ਕਾਰਨ ਮੈਟਾਡੋਰ ਵਿਚ ਸਵਾਰ 17, ਜਦਕਿ ਕਾਰ ਸਵਾਰ ਦੋ ਲੋਕ ਦੱਬੇ ਗਏ। 

ਸੂਚਨਾ ਮਿਲਦੇ ਹੀ ਕਿਸ਼ਤਵਾੜ ਤੋਂ ਆਲ੍ਹਾ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਸਥਾਨਕ ਲੋਕਾਂ ਵਲੋਂ ਉਥੇ ਪਹਿਲਾਂ ਤੋਂ ਮੌਜੂਦ ਪੁਲਸ ਦੇ ਨਾਲ ਸ਼ੁਰੂ ਕੀਤੇ ਗਏ ਰਾਹਤ ਅਤੇ ਬਚਾਅ ਕੰਮ 'ਚ ਤੇਜ਼ੀ ਲਿਆਉਂਦੇ ਹੋਏ 6 ਜ਼ਖ਼ਮੀਆਂ ਨੂੰ ਕਿਸ਼ਤਵਾੜ ਅਤੇ 13 ਨੂੰ ਠਾਠਰੀ ਪਹੁੰਚਾਇਆ। ਠਾਠਰੀ ਪਹੁੰਚੇ 13 ਵਿਚੋਂ 5 ਯਾਤਰੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਹੋਰਨਾਂ 8 ਨੂੰ ਮੁੱਢਲੇ ਇਲਾਜ ਤੋਂ ਬਾਅਦ ਡੋਡਾ ਲਿਜਾਇਆ ਗਿਆ, ਜਿਥੇ ਪਹੁੰਚਦੇ-ਪਹੁੰਚਦੇ 5 ਸਾਲਾ ਬੱਚੀ ਕਾਂਤਾ ਦੇਵੀ ਨੇ ਵੀ ਦਮ ਤੋੜ ਦਿੱਤਾ। ਡੋਡਾ ਤੋਂ ਗੰਭੀਰ ਰੂਪ ਵਿਚ ਜ਼ਖ਼ਮੀ ਤਿੰਨ ਵਿਅਕਤੀਆਂ ਨੂੰ ਸੜਕ ਰਸਤੇ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਰੈਫਰ ਕੀਤਾ ਗਿਆ ਹੈ। 

ਓਧਰ ਕਿਸ਼ਤਵਾੜ ਪਹੁੰਚੇ 6 ਜ਼ਖ਼ਮੀਆਂ ਵਿਚੋਂ ਮੁਹੰਮਦ ਹੁਸੈਨ ਨੇ ਦਮ ਤੋੜ ਦਿੱਤਾ, ਜਦਕਿ ਕਿਸ਼ਤਵਾੜ ਤੋਂ ਗੰਭੀਰ ਰੂਪ ਵਿਚ ਜ਼ਖ਼ਮੀ ਕਲਿਆਣ ਸਿੰਘ ਨੂੰ ਜੰਮੂ ਰੈਫਰ ਕੀਤਾ ਗਿਆ ਹੈ। ਚੱਟਾਨਾਂ ਦੀ ਲਪੇਟ ਵਿਚ ਆਏ ਵਾਹਨ ਅਤੇ (ਇਨਸੈੱਟ) ਰਾਹਤ ਕੰਮਾਂ ਵਿਚ ਜੁਟੇ ਲੋਕ।