ਦਿੱਲੀ ਦੇ 13 ਨਵੇਂ ਵਿਧਾਇਕਾਂ ’ਤੇ ਔਰਤਾਂ ਵਿਰੁੱਧ ਹਿੰਸਾ ਦੇ ਦੋਸ਼

02/14/2020 12:11:20 AM

ਨਵੀਂ ਦਿੱਲੀ –  ਦਿੱਲੀ ਦੇ ਨਵੇਂ ਚੁਣੇ ਗਏ 13 ਵਿਧਾਇਕਾਂ ’ਤੇ ਔਰਤਾਂ ਵਿਰੁੱਧ ਹਿੰਸਾ ਦੇ ਦੋਸ਼ ਹਨ। ਇਨ੍ਹਾਂ ਵਿਚੋਂ ਇਕ ਵਿਧਾਇਕ ’ਤੇ ਜਬਰ-ਜ਼ਨਾਹ ਦਾ ਵੀ ਦੋਸ਼ ਹੈ। ਇਕ ਹੋਰ ਵਿਧਾਇਕ ’ਤੇ ਹੱਤਿਆ ਦੇ ਯਤਨ ਅਤੇ 2 ਵਿਧਾਇਕਾਂ ’ਤੇ ਧੋਖਾਦੇਹੀ ਦੇ ਦੋਸ਼ ਹਨ। ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਦੀ ਇਕ ਰਿਪੋਰਟ ਮੁਤਾਬਕ 70 ਵਿਚੋਂ 43 ਵਿਧਾਇਕਾਂ ਨੇ ਆਪਣੇ ਉੱਪਰ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਆਪਣੇ ਨਾਮਜ਼ਦਗੀ ਕਾਗਜ਼ਾਂ ਵਿਚ ਦਿੱਤੀ ਸੀ। 37 ਵਿਧਾਇਕਾਂ ਵਿਰੁੱਧ ਗੰਭੀਰ ਧਾਰਾਵਾਂ ਹੇਠ ਮਾਮਲੇ ਦਰਜ ਹਨ। ਪਿਛਲੀ ਵਿਧਾਨ ਸਭਾ ਵਿਚ 24 ਵਿਧਾਇਕਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਦੱਸੇ ਸਨ। ‘ਆਪ’ ਦੇ 62 ਵਿਚੋਂ 33 ਵਿਧਾਇਕਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਹਨ। ਭਾਜਪਾ ਦੇ 8 ਵਿਚੋਂ 4 ਵਿਧਾਇਕਾਂ ਵਿਰੁੱਧ ਸੰਗੀਨ ਧਾਰਾਵਾਂ ਹੇਠ ਮਾਮਲੇ ਹਨ। ‘ਆਪ’ ਦੇ ਰਿਠਾਲਾ ਤੋਂ ਵਿਧਾਇਕ ਮਹਿੰਦਰ ਗੋਇਲ ਨੇ ਆਪਣੇ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਹੋਣ ਦੀ ਗੱਲ ਨਾਮਜ਼ਦਗੀ ਕਾਗਜ਼ ਵਿਚ ਲਿਖੀ ਸੀ।