ਮਹਾਰਾਸ਼ਟਰ ’ਚ ਵਾਪਰਿਆ ਦਰਦਨਾਕ ਹਾਦਸਾ, ਵਾਹਨ ਪਲਟਣ ਨਾਲ 12 ਮਜ਼ਦੂਰਾਂ ਦੀ ਮੌਤ

08/20/2021 4:04:16 PM

ਮੁੰਬਈ- ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਇਕ ਵਾਹਨ ਪਲਟਣ ਨਾਲ 12 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦਿਨ ’ਚ ਕਰੀਬ 12 ਵਜੇ ਸਿੰਧਖੇੜਾਜਾ-ਮੇਹਕਰ ਰੋਡ ’ਤੇ ਤਾਡੇਗਾਂਵ ਫਾਟਾ ’ਚ ਦੁਸਰਬੀਡ ਪਿੰਡ ਕੋਲ ਉਸ ਸਮੇਂ ਹੋਈ, ਜਦੋਂ ਮਜ਼ਦੂਰਾਂ ਨੂੰ ਨਾਗਪੁਰ-ਮੁੰਬਈ ਸਮਰਿਧੀ ਐਕਸਪ੍ਰੈੱਸ ਪ੍ਰਾਜੈਕਟ ’ਤੇ ਕੰਮ ਲਈ ਲਿਜਾਇਆ ਜਾ ਰਿਹਾ ਸੀ। ਇਸ ਵਾਹਨ ’ਚ ਕੁੱਲ 16 ਮਜ਼ਦੂਰ ਸਵਾਰ ਸਨ।

ਬੁਲਢਾਣਾ ਦੇ ਪੁਲਸ ਸੁਪਰਡੈਂਟ ਅਰਵਿੰਦ ਚਾਵਰੀਆ ਨੇ ਦੱਸਿਆ,‘‘ਵਾਹਨ ਦੀ ਰਫ਼ਤਾਰ ਤੇਜ਼ ਸੀ ਅਤੇ ਸੜਕ ’ਤੇ ਟੋਏ ਕਾਰਨ ਉਹ ਪਲਟ ਗਿਆ। ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ।’’ ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਿੰਗਗਾਂਵ ਰਾਜਾ ਥਾਣੇ ਦੇ ਕਰਮੀ ਮੌਕੇ ’ਤੇ ਪਹੁੰਚੇ ਅਤੇ ਬਚਾਅ ਕੰਮ ਸ਼ੁਰੂ ਕੀਤਾ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ’ਚੋਂ ਕੁਝ ਨੂੰ ਜਾਲਨਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਹੋਰ ਨੂੰ ਸਿੰਧਖੇੜਾਜਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਚਾਵਰੀਆ ਅਨੁਸਾਰ, ਇਨ੍ਹਾਂ ’ਚੋਂ ਜ਼ਿਆਦਾਤਰ ਮਜ਼ਦੂਰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਨ।

DIsha

This news is Content Editor DIsha