ਜੈਪੁਰ ''ਚ ਵਧਦਾ ਜਾ ਰਿਹਾ ਹੈ ਜ਼ੀਕਾ ਵਾਇਰਸ ਦਾ ਕਹਿਰ

10/18/2018 9:57:08 AM

ਜੈਪੁਰ-ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਜ਼ੀਕਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਇਹ ਗਿਣਤੀ 100 ਤੱਕ ਪਹੁੰਚ ਚੁੱਕੀ ਹੈ। ਸਰਕਾਰ ਵੱਲੋਂ ਇਸ ਬੀਮਾਰੀ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਯਤਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਨੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈ. ਐੱਮ. ਆਰ. ਸੀ.) ਦੀ ਇਕ ਟੀਮ ਉੱਥੇ ਭੇਜੀ ਗਈ ਤਾਂ ਕਿ ਇਸ ਬੀਮਾਰੀ 'ਤੇ ਕੰਟਰੋਲ ਅਤੇ ਬਚਾਅ ਲਈ ਯਤਨ ਕੀਤੇ ਜਾ ਸਕਣ। ਸਿਹਤ ਮੰਤਰਾਲੇ ਮੁਤਾਬਕ ਇਸ ਬੀਮਾਰੀ ਨਾਲ ਪ੍ਰਭਾਵਿਤ 100 ਲੋਕਾਂ 'ਚ 23 ਗਰਭਵਤੀ ਔਰਤਾਂ ਵੀ ਸ਼ਾਮਿਲ ਹਨ। ਰੋਕਥਾਮ ਦੇ ਲਈ ਜਿਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਬਦਲਣ ਦੇ ਲਈ ਆਈ. ਸੀ. ਐੱਮ. ਆਰ. ਨੇ ਇਕ ਟੀਮ ਜੈਪੁਰ 'ਚ ਭੇਜ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਯਤਨ ਸਫਲ ਵੀ ਹੋ ਰਹੇ ਹਨ। ਜ਼ੀਕਾ ਇਨਫੈਕਸ਼ਨ ਤੋਂ ਪ੍ਰਭਾਵਿਤ ਮਰੀਜ਼ਾਂ 'ਚ ਇਲਾਜ ਤੋਂ ਬਾਅਦ ਜ਼ਿਆਦਾਤਾਰ ਸੁਧਾਰ ਵੀ ਦਿਸ ਰਿਹਾ ਹੈ। ਜੈਪੁਰ 'ਚ ਜ਼ੀਕਾ ਇਨਫੈਕਸ਼ਨ 'ਚ ਜ਼ਿਆਦਾਤਾਰ ਮਾਮਲੇ ਸ਼ਾਸ਼ਤਰੀ ਨਗਰ ਇਲਾਕੇ ਤੋਂ ਸਾਹਮਣੇ ਆਏ ਹਨ, ਜੋ ਪ੍ਰਭਾਵਿਤ ਇਲਾਕੇ ਹਨ। ਉੱਥੇ ਲਗਾਤਾਰ ਫੋਗਿੰਗ ਅਤੇ ਲਾਰਵਾ ਨੂੰ ਨਸ਼ਟ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ।

ਜ਼ੀਕਾ ਦੇ ਲੱਛਣ-
- ਹਲਕਾ ਬੁਖਾਰ, ਬੇਚੈਨੀ, ਸਰੀਰ 'ਤੇ ਲਾਲ ਧੱਬੇ ਜਾਂ ਚਟਾਕ ਅਤੇ ਅੱਖਾਂ ਦਾ ਲਾਲ ਹੋਣਾ।
- ਇਸ ਦੇ ਆਮ ਲੱਛਣ ਡੇਂਗੂ ਬੁਖਾਰ ਵਰਗੇ ਹੀ ਹੁੰਦੇ ਹਨ, ਜਿਵੇਂ ਥਕਾਵਟ, ਬੁਖਾਰ, ਲਾਲ ਅੱਖਾਂ, ਜੋੜਾਂ 'ਚ ਦਰਦ, ਸਿਰਦਰਦ ਅਤੇ ਸਰੀਰ 'ਤੇ ਲਾਲ ਧੱਬੇ।
- ਇਸ ਦੇ ਸ਼ਿਕਾਰ ਕੁਝ ਮਰੀਜ਼ਾਂ ਨੂੰ ਐਡਮਿਟ ਕਰਨ ਦੀ ਨੌਬਤ ਆ ਜਾਂਦੀ ਹੈ।
ਇਸ ਦੇ ਲੱਛਣ ਪਤਾ ਲੱਗਣ 'ਚ 13 ਤੋਂ 14 ਦਿਨ ਲੱਗ ਜਾਂਦੇ ਹਨ।

ਇੰਝ ਕਰੋ ਬਚਾਅ-
- ਘਰ 'ਚ ਮੱਛਰ ਨਾ ਪਲਣ ਦਿਓ।
- ਰਾਤ ਨੂੰ ਮੱਛਰਦਾਨੀ ਦੀ ਵਰਤੋਂ ਕਰੋ।
- ਘਰ 'ਚ ਕਿਸੇ ਵੀ ਜਗ੍ਹਾ 'ਤੇ ਪਾਣੀ ਨਾ ਖੜ੍ਹਨ ਦਿਓ।
- ਖੂਨ ਨੂੰ ਬਿਨਾਂ ਜਾਂਚ ਕੀਤੇ ਨਾ ਚੜ੍ਹਾਓ।