ਦਫ਼ਤਰੀ ਕਾਮਿਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

06/19/2019 1:19:13 PM

ਧਰਮਕੋਟ (ਸਤੀਸ਼)—ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਕਲਮਛੋੜ ਹੜਤਾਲ ਤਹਿਤ ਅੱਜ ਸਥਾਨਕ ਤਹਿਸੀਲ ਦਫ਼ਤਰ 'ਚ ਦਫ਼ਤਰੀ ਕਾਮਿਆਂ ਨੇ ਮੁਕੰਮਲ ਹੜਤਾਲ ਕੀਤੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਥੇਬੰਦੀ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਕੋਈ ਵੀ ਮੰਗ ਸਰਕਾਰ ਨੇ ਪੂਰੀ ਨਹੀਂ ਕੀਤੀ, ਜਿਸ ਸਦਕਾ ਸਮੁੱਚੇ ਪੰਜਾਬ ਅੰਦਰ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਗੁਰਮੇਲ ਸਿੰਘ ਰੀਡਰ ਐੱਸ.ਡੀ.ਐੱਮ. ਗੁਰਮੇਜ ਸਿੰਘ ਰੀਡਰ ਤਹਿਸੀਲਦਾਰ, ਮੁਲਖ ਰਾਜ ਆਰਸੀ, ਮੈਡਮ ਪਰਮਜੀਤ ਕੌਰ, ਸਿਮਰਨਜੀਤ ਕੌਰ, ਮਨਜੀਤ ਕੌਰ ,ਗੋਪਾਲ ਕ੍ਰਿਸ਼ਨ ਆਦਿ ਨੇ ਦੱਸਿਆ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਦਫਤਰੀ ਕੰਮਾਂ ਲਈ ਹੋ ਰਹੀ ਖੱਜਲ-ਖੁਆਰੀ ਨੂੰ ਰੋਕਣ ਲਈ ਸਾਡੀਆਂ ਮੰਗਾਂ ਪੂਰੀਆਂ ਕਰੇ। ਉਨ੍ਹਾਂ ਦੱਸਿਆ ਕਿ20 ਜੂਨ ਨੂੰ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।                      

ਲੋਕ ਹੋ ਰਹੇ ਹਨ ਖੱਜਲ ਖ਼ੁਆਰ 
ਦਫ਼ਤਰੀ ਕਾਮਿਆਂ ਦੀ ਕਲਮਛੋੜ ਹੜਤਾਲ ਕਾਰਨ ਤਹਿਸੀਲ ਦਫ਼ਤਰ ਐੱਸ.ਡੀ.ਐੱਮ. ਦਫ਼ਤਰ 'ਚ ਆਪਣੇ ਕੰਮਾਂ ਨੂੰ ਲੈ ਕੇ ਪੈ ਰਹੀ ਭਾਰੀ ਗਰਮੀ ਅਤੇ ਦੂਰ-ਦੁਰਾਡੇ ਪਿੰਡਾਂ ਤੋਂ ਪਹੁੰਚੇ ਲੋਕਾਂ ਨੂੰ ਕੰਮ ਨਾ ਹੋਣ ਕਾਰਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਆਗੂ ਮੋਹਨ ਸਿੰਘ ਕੇਂਦਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਕੇ ਲੋਕਾਂ ਦੀ ਖੱਜਲ-ਖੁਆਰੀ ਨੂੰ ਰੋਕਿਆ ਜਾਵੇ।

Shyna

This news is Content Editor Shyna