ਬੇਅਦਬੀ ਸਬੰਧੀ ਦਿੱਤੀ ਦਰਖਾਸਤ ''ਤੇ ਕਾਰਵਾਈ ਨਾ ਹੋਣ ਕਾਰਨ ਕੱਢਿਆ ਰੋਸ ਮਾਰਚ

07/15/2019 3:47:17 PM

ਕੋਟ ਈਸੇ ਖਾਂ (ਗਾਂਧੀ)—ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਨਸੀਰਪੁਰ ਜਾਨੀਆਂ 'ਚ ਈਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਦਿੱਤੀ ਗਈ ਜਗ੍ਹਾ ਦਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਜ਼ਿਕਰਯੋਗ ਹੈ ਕਿ ਨਸੀਰਪੁਰ ਜਾਨੀਆਂ ਦੀ ਪੰਚਾਇਤ ਨੇ ਪਹਿਲਾ ਮਤਾ ਪਾ ਕੇ ਈਸਾਈ ਭਾਈਚਾਰੇ ਨੂੰ ਉੱਥੇ ਕਬਰਿਸਤਾਨ ਲਈ ਜਗ੍ਹਾ ਦਿੱਤੀ ਸੀ, ਪਰ ਪਿੰਡ ਦੇ ਇਕ ਹੋਰ ਭਾਈਚਾਰੇ ਵਲੋਂ ਉਸ ਜਗ੍ਹਾ 'ਤੇ ਇਸਾਈ ਭਾਈਚਾਰੇ ਵਲੋਂ ਕੱਢੀਆਂ ਗਈਆਂ ਨੀਂਹਾਂ ਅਤੇ ਉਨ੍ਹਾਂ ਦੇ ਧਰਮ ਦਾ ਲੱਗਾ ਹੋਇਆ ਬੋਰਡ ਉਤਾਰ ਦਿੱਤਾ, ਜਿਸ ਦੇ ਸਬੰਧ ਵਲੋਂ ਈਸਾਈ ਭਾਈਚਾਰੇ ਵਲੋਂ ਆਪਣੇ ਧਰਮ ਦੀ ਬੇਅਦਬੀ ਨੂੰ ਲੈ ਕੇ ਪੁਲਸ ਨੂੰ ਲਿਖਤ ਦਰਖਾਸਤ ਦਿੱਤੀ ਗਈ ਸੀ, ਪਰ ਇਨ੍ਹਾਂ ਸਮਾਂ ਬੀਤਣ ਦੇ ਬਾਵਜੂਦ ਵੀ ਜਦੋਂ ਪੁਲਸ ਵਲੋਂ ਕੋਈ ਕਾਰਵਾਈ ਨਾ ਹੋਈ ਤਾਂ ਅੱਜ ਇਸਾਈ ਭਾਈਚਾਰੇ ਨੇ ਆਪਣੀ ਇਕ ਅਹਿਮ ਮੀਟਿੰਗ ਬੈਤਲਹਮ ਸੀ. ਐੱਨ. ਆਈ. ਚਰਚ ਧਰਮਕੋਟ ਰੋਡ ਵਿਖੇ ਕੀਤੀ ।

ਮੀਟਿੰਗ ਤੋਂ ਬਾਅਦ ਕਸਬੇ 'ਚ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਗਿਆ, ਜਿਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੈਕਟਰੀ ਰਾਜਿੰਦਰ ਮਸੀਹ ਨੇ ਦੱਸਿਆ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਜਿਨ੍ਹਾਂ ਵਲੋਂ ਸਾਡੇ ਧਰਮ ਦੀ ਬੇਅਦਬੀ ਕੀਤੀ ਗਈ ਹੈ ਹਾਲੇ ਤੱਕ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਸਾਨੂੰ ਮਤੇ ਅਨੁਸਾਰ ਪਈ ਉਹ ਜਗ੍ਹਾ ਕਬਰਿਸਤਾਨ ਲਈ ਦਿਵਾਈ ਗਈ ਹੈ। ਕਾਨੂੰਨੀ ਇਨਸਾਫ 'ਚ ਮਿਲਣ ਲਈ ਹੋ ਰਹੀ ਲਾਪ੍ਰਵਾਹੀ ਕਰ ਕੇ ਅੱਜ ਅਸੀਂ ਕਸਬੇ 'ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਇਸ ਸਬੰਧੀ ਇਕ ਮੈਮੋਰੰਡਮ ਥਾਣਾ ਮੁਖੀ ਨੂੰ ਦੇਵਾਂਗੇ ਕਿ ਉਹ ਬੇਅਦਬੀ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਜਲਦ ਤੋਂ ਜਲਦ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਗਲਾ ਸੰਘਰਸ਼ ਪੰਜਾਬ ਪੱਧਰ 'ਤੇ ਹੋਰ ਵੀ ਤੇਜ਼ ਹੋਵੇਗਾ।

ਇਸ ਮੌਕੇ ਜਗਸੀਰ ਭੱਟੀ ਪ੍ਰਧਾਨ ਕ੍ਰਿਸ਼ਚੀਅਨ ਪਾਸਟਰ ਐਸੋਸੀਏਸ਼ਨ ਪੰਜਾਬ, ਪਾਸਟਰ ਤਰਸੇਮ ਸਿੰਗਲਾ ਉੱਪ ਪ੍ਰਧਾਨ ਕ੍ਰਿਸ਼ਚੀਅਨ ਪਾਸਟਰ ਐਸੋਸੀਏਸ਼ਨ ਪੰਜਾਬ, ਚੇਅਰਮੈਨ ਪਾਸਟਰ ਮਹਿਬੂਬ ਮਸੀਹ, ਪਾਸਟਰ ਕੇਵਲ ਮਸੀਹ, ਪਾਸਟਰ ਅਵਤਾਰ ਬੱਤਰਾ, ਪਾਸਟਰ ਅੰਗਰੇਜ਼ ਸਿੰਘ, ਪਾਸਟਰ ਸੁਖਦੇਵ ਸਿੰਘ, ਬ੍ਰਦਰ ਕਾਰਜ ਸਿੰਘ, ਬ੍ਰਦਰ ਰਵੀ, ਪਾਸਟਰ ਵਿਜੇ ਅਲੀਸ਼ਾ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਸਟਰ ਸਾਹਿਬਾਨ ਅਤੇ ਹੋਰ ਮੌਜੂਦ ਸਨ।

Shyna

This news is Content Editor Shyna