ਆਜ਼ਾਦੀ ਪ੍ਰਵਾਨਿਆਂ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਦੇ ਬੁੱਤਾਂ ਦੀ ਹੋ ਰਹੀ 'ਅਣਦੇਖੀ'

01/03/2020 11:53:42 AM

ਮੋਗਾ (ਗੋਪੀ ਰਾਊਕੇ): ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਵੱਡਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਪ੍ਰਵਾਨਿਆਂ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਦੇ ਬੁੱਤਾਂ ਦੀ ਮੋਗਾ ਵਿਖੇ 'ਅਣਦੇਖੀ' ਹੋ ਰਹੀ ਹੈ। ਭਾਵੇਂ ਸ਼ਹੀਦ ਭਗਤ ਸਿੰਘ ਸਮੇਤ ਦੇਸ਼ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਇਨ੍ਹਾਂ ਪ੍ਰਵਾਨਿਆਂ ਸਮੇਤ ਹੋਰ ਸੂਰਬੀਰਾਂ ਦੀ ਬਹਾਦਰੀ ਸਬੰਧੀ ਜ਼ਿਲਾ ਪ੍ਰਸ਼ਾਸਨ ਅਤੇ ਹੋਰ ਸਮਾਜਕ ਸੰਗਠਨਾਂ ਵੱਲੋਂ ਹਰ ਵਰ੍ਹੇ ਇਨ੍ਹਾਂ ਦੇ ਜਨਮ ਦਿਨ ਅਤੇ ਸ਼ਹੀਦੀ ਸਮਾਗਮਾਂ 'ਤੇ ਤਾਂ ਜ਼ਿਲਾ ਪੱਧਰੀ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰਨ ਤੋਂ ਪਹਿਲਾਂ ਬੁੱਤਾਂ ਦੀ ਸਾਫ਼-ਸਫ਼ਾਈ ਅਤੇ ਹੋਰ ਸਾਂਭ-ਸੰਭਾਲ ਕਰਨ ਦੇ ਪ੍ਰਬੰਧ ਕੀਤੇ ਜਾਂਦੇ ਹਨ ਪਰ ਇਨ੍ਹਾਂ ਸਮਾਗਮਾਂ ਦੇ ਖ਼ਤਮ ਹੋਣ ਮਗਰੋਂ ਸ਼ਹੀਦਾਂ ਨੂੰ ਕੋਈ ਯਾਦ ਨਹੀਂ ਕਰਦਾ। ਸਮਾਗਮਾਂ ਦੌਰਾਨ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਪ੍ਰਚਾਰ ਕਰਨ ਵਾਲੇ ਆਗੂਆਂ ਨੂੰ ਮੁੜ ਪੂਰਾ ਵਰ੍ਹਾ ਇਨ੍ਹਾਂ ਬੁੱਤਾਂ ਦੀ ਸੰਭਾਲ ਕਰਨ ਵੱਲ ਉੱਕਾ ਧਿਆਨ ਨਹੀਂ ਜਾਂਦਾ।

'ਜਗ ਬਾਣੀ' ਵੱਲੋਂ ਇਸ ਸਬੰਧ 'ਚ ਇਕੱਤਰ ਕੀਤੀ ਵਿਸ਼ੇਸ਼ ਰਿਪੋਰਟ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਬੁੱਤਾਂ 'ਤੇ ਧੂੜ-ਮਿੱਟੀ ਜੰਮੀ ਪਈ ਹੈ, ਇਥੇ ਹੀ ਬਸ ਨਹੀਂ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਉੱਪਰ ਤਾਂ ਛੱਤ ਹੈ ਜਦੋਂਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਜਰਨੈਲ ਮੋਹਨ ਸਿੰਘ ਬਾਨੀ ਅਤੇ ਸੁਭਾਸ਼ ਚੰਦਰ ਬੋਸ ਦੇ ਬੁੱਤਾਂ ਉੱਪਰ ਫਾਈਬਰ ਛੱਤ ਨਾ ਹੋਣ ਕਰ ਕੇ ਇਨ੍ਹਾਂ ਬੁੱਤਾਂ ਦੀ ਲੋੜ ਅਨੁਸਾਰ ਸੰਭਾਲ ਯਕੀਨੀ ਨਹੀਂ ਬਣ ਸਕੀ। ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਤੋਂ ਇਲਾਵਾ ਦੂਜੇ ਸਾਰੇ ਬੁੱਤਾਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਦਰ ਹੀ ਵਿਸ਼ੇਸ਼ ਸਥਾਨ ਦਿੱਤੇ ਗਏ ਹਨ। ਇਨ੍ਹਾਂ ਬੁੱਤਾਂ ਕੋਲੋਂ ਰੋਜ਼ਾਨਾ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਲੰਘਦੇ ਹਨ ਪਰ ਫਿਰ ਵੀ ਰੋਜ਼ਾਨਾ ਇਨ੍ਹਾਂ ਬੁੱਤਾਂ ਦੀ ਲੋੜ ਅਨੁਸਾਰ ਸਫ਼ਾਈ ਯਕੀਨੀ ਨਹੀਂ ਬਣ ਸਕੀ। ਇਹ ਵੱਖਰੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀਆਂ ਹੋਰ ਇਮਾਰਤਾਂ ਦੀ ਰੋਜ਼ਾਨਾ ਸਫ਼ਾਈ ਹੁੰਦੀ ਹੈ। ਮੋਗਾ ਸ਼ਹਿਰ ਦੇ ਮੁੱਖ ਚੌਕ ਨੇੜੇ ਭਗਤ ਸਿੰਘ ਮਾਰਕੀਟ 'ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦੀ ਸਥਾਪਨਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਵੱਲੋਂ 2006 'ਚ ਕਰਵਾਈ ਗਈ ਸੀ। ਅਕਾਲੀ ਨੇਤਾ ਜਿਥੇ ਇਸ ਬੁੱਤ ਦੀ ਸਮੇਂ-ਸਮੇਂ 'ਤੇ ਸਫ਼ਾਈ ਕਰਵਾਉਂਦੇ ਹਨ, ਉਥੇ ਉਨ੍ਹਾਂ ਵੱਲੋਂ ਹਰ ਵਰ੍ਹੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ਪਰ ਪ੍ਰਸ਼ਾਸਨ ਨੇ ਬੁੱਤ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ ਅਤੇ ਇਸ ਦੇ ਆਲੇ-ਦੁਆਲੇ ਬਣੀਆਂ ਪਾਰਕਾਂ 'ਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੋੜ ਅਨੁਸਾਰ ਕਦਮ ਨਹੀਂ ਚੁੱਕੇ।

ਸਮਾਜਕ ਸੰਗਠਨ ਵੀ ਅੱਗੇ ਆਉਣ : ਸੁੱਖੀ ਧਾਲੀਵਾਲ
ਜ਼ਿਲਾ ਪ੍ਰਸ਼ਾਸਨ ਅਤੇ ਨਿਗਮ ਦੇ ਨਾਲ-ਨਾਲ ਇਨ੍ਹਾਂ ਆਜ਼ਾਦੀ ਪ੍ਰਵਾਨਿਆਂ ਦੇ ਬੁੱਤਾਂ ਦੀ ਸੰਭਾਲ ਲਈ ਸਮਾਜਕ ਸੰਗਠਨਾਂ ਅਤੇ ਖਾਸ ਕਰ ਕੇ ਨੌਜਵਾਨ ਵਰਗ ਨੂੰ ਵੀ ਅੱਗੇ ਆ ਕੇ ਆਪਣੀ ਬਣਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਕਿਉਂਕਿ ਸ਼ਹੀਦਾਂ ਵੱਲੋਂ ਦੇਸ਼ ਦੀ ਆਜ਼ਾਦੀ 'ਚ ਪਾਏ ਯੋਗਦਾਨ ਕਰ ਕੇ ਹੀ ਅਸੀਂ ਅੱਜ ਆਜ਼ਾਦ ਭਾਰਤ ਦਾ ਨਿੱਘ ਮਾਣ ਰਹੇ ਹਾਂ। ਪਿੰਡ ਰਾਊਕੇ ਕਲਾਂ ਦੇ ਅਗਾਂਹਵਧੂ ਨੌਜਵਾਨ ਸੁੱਖੀ ਧਾਲੀਵਾਲ ਦਾ ਕਹਿਣਾ ਸੀ ਕਿ ਨਿਗਮ ਨੂੰ ਮੋਗਾ ਦੇ ਮੁੱਖ ਚੌਕ 'ਚ ਲੱਗੇ ਬੁੱਤ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਦੇ 'ਆਲੇ-ਦੁਆਲੇ' ਬਣੀ ਪਾਰਕ ਨੂੰ ਵੀ ਹੋਰ ਸੁੰਦਰ ਬਣਾਉਣਾ ਚਾਹੀਦਾ ਹੈ।

Shyna

This news is Content Editor Shyna