ਨਸ਼ੇ ਵਾਲੀਆਂ ਗੋਲੀਆਂ ਦੇ ਮਾਮਲੇ ’ਚ ਇਕ ਮੁਲਜ਼ਮ ਦੋਸ਼ੀ ਕਰਾਰ, ਹੋਈ 10 ਸਾਲ ਦੀ ਕੈਦ

04/03/2024 6:09:56 PM

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਵਿਕਰਾਂਤ ਦੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। 4 ਸਾਲ ਪਹਿਲਾਂ ਨਸ਼ੇ ਵਾਲੀਆਂ ਗੋਲੀਆਂ ਦੀ ਸਮੱਗਲਿੰਗ ਦੇ ਮਾਮਲੇ ’ਚ ਥਾਣਾ ਬਾਘਾ ਪੁਰਾਣਾ ਦੀ ਪੁਲਸ ਨੇ ਨਾਮਜ਼ਦ ਇਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਮੁਲਜ਼ਮ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਕੈਦ ਵੀ ਕੱਟਣੀ ਪਵੇਗੀ।

ਇਸ ਮਾਮਲੇ ਸਬੰਧੀ ਥਾਣਾ ਬਾਘਾ ਪੁਰਾਣਾ ਪੁਲਸ ਨੂੰ 17 ਫਰਵਰੀ 2020 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਿਮਰਨਜੀਤ ਸਿੰਘ ਉਰਫ਼ ਗੋਲਡੀ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਮਾੜੀ ਮੁਸਤਫ਼ਾ ਨਸ਼ਾ ਵੇਚਣ ਦਾ ਆਦੀ ਹੈ ਅਤੇ ਅੱਜ ਉਹ ਨਸ਼ੇ ਵਾਲੀਆਂ ਗੋਲੀਆਂ ਨੂੰ ਬਚਾਉਣ ਲਈ ਕਸਬਾ ਬਾਘਾ ਪੁਰਾਣਾ ਵੱਲ ਆ ਰਿਹਾ ਹੈ।

ਪੁਲਸ ਵਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰ ਕੇ ਸਿਮਰਨਜੀਤ ਸਿੰਘ ਉਰਫ਼ ਗੋਲਡੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਉਸ ਖ਼ਿਲਾਫ਼ 17 ਫਰਵਰੀ 2020 ਨੂੰ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਅੱਜ ਅੰਤਿਮ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ।

Gurminder Singh

This news is Content Editor Gurminder Singh