ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼ : ਕਮਜ਼ੋਰ ਜਲ ਨੀਤੀ ਕਾਰਨ ਖ਼ਤਰੇ ਦੀ ਦਹਿਲੀਜ਼ 'ਤੇ ਪਹੁੰਚਿਆ 'ਜੀਵਨ'

03/22/2022 5:55:25 PM

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰਬਾਣੀ ਦੇ ਇਸ ਪਵਿੱਤਰ ਵਾਕ ਅਨੁਸਾਰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਅਨਮੋਲ ਦਾਤ ਹੀ ਨਹੀਂ ਸਗੋਂ ਇਕ ਵਡਮੁੱਲਾ ਤੋਹਫ਼ਾ ਹੈ। ਕੁਦਰਤ ਨੇ ਇਸ ਦੁਨੀਆ 'ਚ ਪਾਣੀ ਦੇ ਵੱਖ-ਵੱਖ ਰੂਪਾਂ 'ਚ ਬੇਅੰਤ ਜ਼ਖੀਰੇ ਦਿੱਤੇ ਹਨ। ਪਾਣੀ ਨੂੰ ਜੀਵਨ ਦਾ ਮੂਲ ਆਧਾਰ ਕਿਹਾ ਜਾਂਦਾ ਹੈ। ਪਾਣੀ ਤੋਂ ਬਿਨਾਂ ਇਸ ਧਰਤੀ 'ਤੇ ਜੀਵਨ ਸੰਭਵ ਹੀ ਨਹੀਂ ਹੈ। ਇਸ ਲਈ ਕਹਿੰਦੇ ਹਨ ਕਿ ਪਾਣੀ ਹੈ ਤਾਂ ਪ੍ਰਾਣੀ ਹੈ, ਨਹੀਂ ਤਾਂ ਖ਼ਤਮ ਕਹਾਣੀ ਹੈ। ਇਸ ਧਰਤੀ 'ਤੇ ਜਦੋਂ ਪਹਿਲੀ ਵਾਰ ਜੀਵਨ ਧੜਕਿਆ ਸੀ ਤਾਂ ਉਹ ਪਾਣੀ ਵਿਚ ਹੀ ਮਾਂ ਦੇ ਸਰੀਰ 'ਚ ਧੜਕਿਆ ਸੀ। ਧਰਤੀ ਦਾ ਜੋ ਸੁਹੱਪਣ ਹੈ ਉਸ ਦਾ ਭੇਤ ਵੀ ਇਸ ਪਾਣੀ ਵਿਚ ਛੁਪਿਆ ਹੋਇਆ ਹੈ। ਪਾਣੀ ਨਾਲ ਹੀ ਇਥੇ ਜੰਗਲ, ਬਨਸਪਤੀ ਤੇ ਹੋਰ ਫੁੱਲ-ਬੂਟੇ ਆਪਣੀ ਸੁੰਦਰਤਾ ਬਿਖੇਰਦੇ ਹਨ।

ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਾਣੀ ਸਾਡੇ ਜੀਵਨ ਦੀ ਮੁੱਢਲੀ ਜ਼ਰੂਰਤ ਹੈ।

ਜਲੁ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥

ਪਾਣੀ ਸਮਾਜਿਕ ਅਤੇ ਸੱਭਿਆਚਾਰਕ ਤਰੱਕੀ, ਵਾਤਾਵਰਣ ਅਤੇ ਕੁਦਰਤ ਦਾ ਸੰਤੁਲਨ, ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ਅਤੇ ਤੰਦਰੁਸਤ ਮਾਨਸਿਕਤਾ ਦਾ ਆਧਾਰ ਹੈ।

ਪਾਣੀ ਦੀ ਇੰਨੀ ਵੱਡੀ ਮਹੱਤਤਾ ਹੋਣ ਦੇ ਬਾਵਜੂਦ ਇਸ ਕੀਮਤੀ ਕੁਦਰਤੀ ਤੋਹਫ਼ੇ ਦੀ ਬੇਸਮਝੀ ਤੇ ਬੇਕਦਰੀ ਨਾਲ ਕੀਤੀ ਜਾ ਰਹੀ ਵਰਤੋਂ ਨਾਲ ਜਿੱਥੇ ਪਾਣੀ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ, ਉੱਥੇ ਗੁਣਵੱਤਾ ਦੀ ਘਾਟ ਅੱਜ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ। ਪਾਣੀ ਸਬੰਧੀ ਚਾਹੇ ਸੰਕਟ ਵਿਸ਼ਵ ਵਿਆਪੀ ਹੈ ਪਰ ਸਾਡੇ ਦੇਸ਼ 'ਚ ਕਮਜ਼ੋਰ ਜਲ ਨੀਤੀ ਅਤੇ ਵਰਤੋਂ ਦੇ ਗਲਤ ਤੌਰ-ਤਰੀਕੇ ਕਾਰਨ ਪਾਣੀ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਸਾਡੇ ਦੇਸ਼ ਦੇ ਮਹਾਨ ਲੋਕਾਂ ਨੇ ਸੈਂਕੜੇ ਸਾਲ ਪਹਿਲਾਂ ਹੀ ਪਾਣੀ ਦੀ ਸੁਚੱਜੀ ਵਰਤੋਂ ਦੀ ਗੱਲ ਕੀਤੀ ਸੀ।

ਰਹੀਮ ਜੀ ਨੇ ਆਪਣੇ ਕਥਨ 'ਚ ਲਿਖਿਆ ਹੈ:

ਰਹਿਮਨ ਪਾਣੀ ਰਾਖੀਏ, ਬਿਨ ਪਾਣੀ ਸਭ ਸੂਨ॥

ਫਿਰ ਗੁਰਬਾਣੀ ਵਿਚ ਗੁਰੂ ਸਾਹਿਬ ਨੇ ਗੱਲ ਕਰਦੇ ਹੋਏ ਲਿਖਿਆ ਹੈ:

ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭ ਕੋਇ॥

ਰੋਜ਼ਾਨਾ ਭੱਜ-ਦੌੜ ਦੀ ਜ਼ਿੰਦਗੀ ਵਿਚ ਅਸੀਂ ਇਹ ਵੀ ਭੁੱਲ ਗਏ ਹਾਂ ਕਿ ਦੁਨੀਆ ਦੀ ਸਭ ਤੋਂ ਜ਼ਰੂਰੀ ਚੀਜ਼ ਪਾਣੀ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਹੋ ਸਕਦੀ ਤੇ ਅਸੀਂ ਇਸੇ ਵਡਮੁੱਲੀ ਚੀਜ਼ ਨੂੰ ਅੰਨ੍ਹੇਵਾਹ ਗੁਆਉਂਦੇ ਚਲੇ ਜਾ ਰਹੇ ਹਾਂ। ਪਾਣੀ ਬਚਾਉਣ ਲਈ ਵਿਚਾਰ ਚਰਚਾਵਾਂ ਜ਼ਰੂਰ ਹੁੰਦੀਆਂ ਹਨ ਪਰ ਇਸ ਦੀ ਵਿਅਕਤੀਗਤ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਹੈ। ਪਾਣੀ ਨਾਲ ਜੁੜੇ ਅੰਕੜੇ ਵੀ ਸਾਨੂੰ ਗਣਿਤ ਦੇ ਸਵਾਲ ਵਰਗੇ ਲੱਗਦੇ ਹਨ ਪਰ ਇਹ ਉਹ ਅੰਕੜੇ ਹਨ ਜਿਨ੍ਹਾਂ ਨਾਲ ਸਾਡੀ ਹੋਂਦ ਜੁੜੀ ਹੋਈ ਹੈ।

ਅਸਲ 'ਚ ਪਾਣੀ ਦੋ ਤੱਤਾਂ ਹਾਈਡ੍ਰੋਜਨ ਅਤੇ ਆਕਸੀਜਨ ਦਾ ਬਣਿਆ ਹੈ ਪਰ ਧਰਤੀ ਦਾ ਸਭ ਤੋਂ ਭਰਪੂਰ ਅਣੂ ਹੈ। ਧਰਤੀ ਦੀ 70 ਫੀਸਦੀ ਤੋਂ ਵੱਧ ਸਤ੍ਹਾ ਜਾਂ 333 ਮਿਲੀਅਨ ਕਿਊਬਿਕ ਮੀਲ ਪਾਣੀ ਹੈ। ਨਾ ਸਿਰਫ ਸਮੁੰਦਰਾਂ, ਨਦੀਆਂ, ਝੀਲਾਂ, ਬਰਫ਼ ਦੀਆਂ ਟਹਿਣੀਆਂ, ਗਲੇਸ਼ੀਅਰਾਂ ਅਤੇ ਬੱਦਲਾਂ ਵਿਚ ਪਾਣੀ ਪਾਇਆ ਜਾਂਦਾ ਹੈ, ਬਲਕਿ ਇਹ ਧਰਤੀ ਦੇ ਹਰ ਜੀਵ ਦੇ ਸਰੀਰ 'ਚ ਵੀ ਪਾਇਆ ਜਾਂਦਾ ਹੈ।

ਦਰਅਸਲ, ਸਾਡੇ ਸਰੀਰ ਦਾ 60 ਫ਼ੀਸਦੀ ਹਿੱਸਾ ਪਾਣੀ ਨਾਲ ਬਣਿਆ ਹੋਇਆ ਹੈ। ਪਾਣੀ ਜ਼ਿੰਦਗੀ ਲਈ ਜ਼ਰੂਰੀ ਹੈ। ਇਸ ਦੇ ਬਾਵਜੂਦ 844 ਲੱਖ ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ। ਪਾਣੀ ਦੀ ਘਾਟ ਕਈ ਸਮੱਸਿਆਵਾਂ ਨਾਲ ਜੁੜੀ ਹੋਈ ਹੈ ਪਰ ਮਨੁੱਖ ਵੱਲੋਂ ਬਣਾਏ ਸੰਕਟ ਜਿਵੇਂ ਕਿ ਉਦਯੋਗਿਕ ਪ੍ਰਦੂਸ਼ਣ, ਮੌਸਮ 'ਚ ਤਬਦੀਲੀ ਅਤੇ ਲੋਕਾਂ ਵੱਲੋਂ ਗੰਦਗੀ ਫੈਲਾ ਕੇ ਇਸ ਨੂੰ ਪੀਣ ਯੋਗ ਨਹੀਂ ਛੱਡਿਆ, ਜਿਸ ਕਰਕੇ ਪੀਣ, ਨਹਾਉਣ, ਹੱਥ ਧੋਣ, ਸਿੰਚਾਈ ਅਤੇ ਹੋਰ ਜ਼ਰੂਰਤਾਂ ਲਈ ਲੋੜੀਂਦੇ ਪਾਣੀ ਤੋਂ ਬਿਨਾਂ ਇਨਸਾਨ ਆਸਾਨੀ ਨਾਲ ਗ਼ਰੀਬੀ, ਭੁੱਖਮਰੀ ਅਤੇ ਬਿਮਾਰੀ ਦੇ ਫੈਲਣ ਦਾ ਸ਼ਿਕਾਰ ਹੋ ਜਾਂਦਾ ਹੈ।

1993 ਤੋਂ ਵਿਸ਼ਵ ਜਲ ਦਿਵਸ 22 ਮਾਰਚ ਨੂੰ ਵਿਸ਼ਵ ਦੇ ਸੰਕਟ ਦੇ ਆਲੇ-ਦੁਆਲੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ, ਜਿਸ ਦੇ ਟੀਚੇ ਨਾਲ ਸਾਲ 2030 ਤੱਕ ਹਰੇਕ ਨੂੰ ਪਾਣੀ ਅਤੇ ਸੈਨੀਟੇਸ਼ਨ ਉਪਲਬਧ ਕਰਵਾਉਣਾ ਹੈ। ''ਪਾਣੀ ਦੀ ਕੀਮਤ ਇਸ ਦੀ ਕੀਮਤ ਨਾਲੋਂ ਕਿਤੇ ਵੱਧ ਹੈ, ਪਾਣੀ ਸਾਡੇ ਘਰਾਂ, ਭੋਜਨ, ਸੱਭਿਆਚਾਰ, ਸਿਹਤ, ਸਿੱਖਿਆ, ਅਰਥਸ਼ਾਸਤਰ ਅਤੇ ਸਾਡੇ ਕੁਦਰਤੀ ਵਾਤਾਵਰਣ ਦੀ ਅਖੰਡਤਾ ਲਈ ਬਹੁਤ ਵੱਡਾ ਅਤੇ ਗੁੰਝਲਦਾਰ ਮੁੱਲ ਰੱਖਦਾ ਹੈ।'' ਸੰਯੁਕਤ ਰਾਸ਼ਟਰ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਹੈ, ''ਜੇ ਅਸੀਂ ਇਨ੍ਹਾਂ 'ਚੋਂ ਕਿਸੇ ਵੀ ਕਦਰ ਨੂੰ ਅਣਦੇਖਿਆ ਕਰ ਦਿੰਦੇ ਹਾਂ ਤਾਂ ਅਸੀਂ ਇਸ ਸੀਮਤ, ਬਦਲੇ ਜਾਣ ਵਾਲੇ ਸਰੋਤ ਦਾ ਪ੍ਰਬੰਧਨ ਕਰਨ ਦਾ ਜੋਖਮ ਲੈਂਦੇ ਹਾਂ।''

ਵਿਸ਼ਵ ਜਲ ਦਿਵਸ ਮਨਾਉਣ ਦਾ ਮੁੱਖ ਉਦੇਸ਼ ਵਿਸ਼ਵ ਦੇ ਸਾਰੇ ਵਿਕਸਿਤ ਦੇਸ਼ਾਂ ਵਿਚ ਸਾਫ ਅਤੇ ਸੁਰੱਖਿਅਤ ਜਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 1993 ਵਿਚ ਇਕ ਆਮ ਸਭਾ ਦੇ ਮਾਧਿਅਮ ਰਾਹੀਂ ਇਸ ਦਿਨ ਨੂੰ ਸਾਲਾਨਾ ਪ੍ਰੋਗਰਾਮ ਦੇ ਰੂਪ 'ਚ ਮਨਾਉਣ ਦਾ ਫੈਸਲਾ ਕੀਤਾ ਸੀ। ਇਸ ਮੁਹਿੰਮ ਵਿਚ ਲੋਕਾਂ ਦੀ ਜਾਗਰੂਕਤਾ ਵਧਾਉਣ ਲਈ ਜਲ ਦੇ ਮਹੱਤਵ ਦੀ ਜ਼ਰੂਰਤ ਅਤੇ ਪਾਣੀ ਦੀ ਸੰਭਾਲ ਬਾਰੇ ਸਮਝਾਉਣ ਲਈ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਣ ਲੱਗਾ।

ਜਦੋਂ ਸੰਯੁਕਤ ਰਾਸ਼ਟਰ ਵੱਲੋਂ 2015 ਵਿਚ 2030 ਏਜੰਡਾ ਅਪਣਾਇਆ ਗਿਆ ਸੀ ਤਾਂ ਉਸ ਸਮੇਂ ਸਾਰੇ ਦੇਸ਼ਾਂ ਨੇ ਇਹ ਨਿਰਧਾਰਤ ਕੀਤਾ ਸੀ ਕਿ ਦੁਨੀਆ ਨੂੰ ਗਰੀਬੀ, ਭੁੱਖਮਰੀ ਅਤੇ ਬਿਮਾਰੀਆਂ ਤੋਂ ਮੁਕਤ ਕੀਤਾ ਜਾਵੇ। ਇਕ ਅਜਿਹੀ ਦੁਨੀਆ ਦੀ ਸਿਰਜਣਾ ਕੀਤੀ ਜਾਵੇ ਜਿਸ ਵਿਚ ਕੋਈ ਵੀ ਪਿੱਛੇ ਨਾ ਰਹੇ।

ਵਿਸ਼ਵ ਜਲ ਦਿਵਸ ਸਮੇਂ ਵਿਸ਼ਵ ਦੀਆਂ ਚੁਣੌਤੀਆਂ ਜਿਵੇਂ ਗਰੀਬੀ, ਭੇਦਭਾਵ, ਕੁਦਰਤੀ ਆਫਤਾਂ, ਮਨੁੱਖਤਾ ਦਾ ਸੰਕਟ ਆਦਿ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਵੀ ਇਸ ਦਿਵਸ ਦਾ ਮੁੱਖ ਉਦੇਸ਼ ਹੈ ਅਤੇ ਪਾਣੀ, ਸਫਾਈ ਤੇ ਸਥਾਈ ਜਲ ਪ੍ਰਬੰਧਨ ਵੀ ਬਦਲਾਅ ਲਿਆ ਸਕਦੇ ਹਨ। ਸਭ ਲਈ ਪਾਣੀ ਦਾ ਭਾਵ ਬਜ਼ੁਰਗਾਂ, ਦਿਵਿਆਂਗਾਂ, ਹਾਸ਼ੀਏ 'ਤੇ ਰਹਿ ਰਹੇ ਲੋਕਾਂ ਅਤੇ ਗ਼ਰੀਬਾਂ ਲਈ ਸਾਫ ਪਾਣੀ ਦੀ ਉਪਲਬਧਤਾ ਹੈ।

ਧਰਤੀ ਦੀ ਸਤ੍ਹਾ 'ਤੇ ਲਗਭਗ 71 ਫ਼ੀਸਦੀ ਭਾਗ ਪਾਣੀ ਹੈ ਅਤੇ ਇਸ ਵਿਚ 96.5 ਫ਼ੀਸਦੀ ਹਿੱਸੇ 'ਚ ਮਹਾਸਾਗਰਾਂ ਦਾ ਜਲ ਹੈ ਪਰ ਇਸ ਦੇ ਬਾਵਜੂਦ ਅੱਜ ਦੇਸ਼ ਦਾ 50 ਫ਼ੀਸਦੀ ਹਿੱਸਾ ਸੋਕੇ ਨਾਲ ਪ੍ਰਭਾਵਿਤ ਹੋ ਗਿਆ ਹੈ। ਜੇਕਰ ਅਸੀਂ ਵਿਸ਼ਵ ਦੀ ਗੱਲ ਕਰੀਏ ਤਾਂ ਤਕਰੀਬਨ 400 ਕਰੋੜ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ, ਜਿਸ ਵਿਚ 100 ਕਰੋੜ ਅਬਾਦੀ ਸਿਰਫ਼ ਭਾਰਤ ਦੀ ਹੀ ਹੈ।

'ਵਾਟਰ ਏਡ' ਦੀ ਰਿਪੋਰਟ ਅਨੁਸਾਰ ਅਸੀਂ ਧਰਤੀ ਹੇਠਲੇ ਪਾਣੀ ਦਾ ਸਿਰਫ਼ 24 ਫ਼ੀਸਦੀ ਹਿੱਸਾ ਹੀ ਇਸਤੇਮਾਲ ਕਰਦੇ ਹਾਂ। ਉੱਥੇ ਹੀ ਜੇਕਰ ਯੂ ਐੱਸ ਏਡ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਸਾਲ 2020 ਵਿਚ ਭਾਰਤ ਅਜਿਹੇ ਦੇਸ਼ਾਂ ਦੀ ਲਿਸਟ 'ਚ ਸ਼ਾਮਿਲ ਹੋ ਜਾਵੇਗਾ, ਜੋ ਜਲ ਸੰਕਟ ਦੇ ਸ਼ਿਕਾਰ ਹਨ, ਜਿਸ ਕਰਕੇ ਪਾਣੀ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਪਾਣੀ ਦੇ ਮਹੱਤਵ ਨੂੰ ਸਮਝਦਿਆਂ ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਪਾਣੀ ਨੂੰ ਕਦੇ ਵੀ ਵਿਅਰਥ ਨਹੀਂ ਗੁਆਉਣਾ ਚਾਹੀਦਾ ਕਿਉਂਕਿ ਪਾਣੀ ਬਹੁਤ ਕੀਮਤੀ ਚੀਜ਼ ਹੈ। ਕਈ ਵਾਰ ਬੰਦਾ ਇਕ-ਇਕ ਬੂੰਦ ਨੂੰ ਵੀ ਤਰਸ ਜਾਂਦਾ ਹੈ। ਪਾਣੀ ਦੀ ਗੁਣਵੱਤਾ ਸੁਧਾਰਨ ਲਈ ਹਰ ਇਨਸਾਨ ਪਹਿਲ ਕਰ ਸਕਦਾ ਹੈ। ਲੋਕਾਂ ਨੂੰ ਪਾਣੀ ਦੀ ਗੁਣਵੱਤਾ ਅਤੇ ਸਿਹਤ ਦੇ ਵਿਸ਼ੇ 'ਤੇ ਜਾਗਰੂਕ ਕੀਤਾ ਜਾ ਸਕਦਾ ਹੈ। ਪਾਣੀ ਦੀ ਬੱਚਤ ਲਈ ਮੀਂਹ ਦੇ ਪਾਣੀ ਦੀ ਸੰਭਾਲ ਵੀ ਜ਼ਰੂਰੀ ਹੈ। ਇਸ ਲਈ ਅਸੀਂ ਬਾਰਿਸ਼ ਦੇ ਪਾਣੀ ਨੂੰ ਜਮ੍ਹਾ ਕਰਕੇ ਉਸ ਦੀ ਖੇਤੀ ਲਈ ਵਰਤੋਂ ਕਰ ਸਕਦੇ ਹਾਂ।

ਪਾਣੀ ਦੇ ਸੋਮਿਆਂ 'ਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਅਤੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਯਤਨ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ। ਇਸ ਸੰਕਟ ਦੇ ਹੱਲ ਲਈ ਸਮਾਜ ਅਤੇ ਸਰਕਾਰਾਂ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਪਾਣੀ ਦੀ ਬੱਚਤ ਅਤੇ ਉਪਯੋਗ ਸਬੰਧੀ ਵਿਸ਼ੇਸ਼ ਸਿੱਖਿਆ ਅਤੇ ਟ੍ਰੇਨਿੰਗ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਡਾਰਕ ਜ਼ੋਨ ਖੇਤਰਾਂ ਵਿਚ ਵਿਸ਼ੇਸ਼ ਲਾਕਡਾਊਨ ਅਤੇ ਐਮਰਜੈਂਸੀ ਦੀ ਤੁਰੰਤ ਲੋੜ ਹੈ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਕੁਦਰਤੀ ਅਨਮੋਲ ਤੋਹਫ਼ੇ ਦਾ ਆਨੰਦ ਮਾਣ ਸਕਣਗੀਆਂ।

-ਸੁਰਜੀਤ ਸਿੰਘ ਫਲੋਰਾ

Harnek Seechewal

This news is Content Editor Harnek Seechewal