ਸਿੱਖ ਇਤਿਹਾਸ: ਚੇਲਿਆਂਵਾਲਾ ਜੰਗ- ਸਿਖ ਬਨਾਮ ਅੰਗਰੇਜ਼

01/13/2021 3:33:59 PM

13 ਜਨਵਰੀ 1849
ਇਸ ਲੜਾਈ ਵਿੱਚ ਖ਼ਾਲਸਾ ਫੌਜਾਂ ਦੀ ਅਗਵਾਈ ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਿਹਾ ਸੀ ਤੇ ਅੰਗਰੇਜ਼ੀ ਫ਼ੌਜ ਦੀ ਅਗਵਾਈ ਜਨਰਲ ਗਫ਼ ਕੋਲ ਸੀ। ਇਸ ਜੰਗ ਵਿੱਚ ਅੰਗਰੇਜ਼ਾਂ ਦਾ ਕਾਫ਼ੀ ਨੁਕਸਾਨ ਹੋਇਆ, ਉਹਨਾਂ ਦਾ 3000 ਤੋਂ ਉਪਰ ਬੰਦਾ ਜਾਇਆ ਹੋਇਆ, ਬਹੁਤ ਸਾਰੇ ਕੈਦੀ ਵੀ ਹੋਏ, ਝੰਡੇ ਤੇ ਤੋਪਾਂ ਵੀ ਖੁਸੀਆਂ, ਤਿੰਨ ਦਿਨ ਮਾਤਮ ਚੱਲਦਾ ਰਿਹਾ, ਇੰਗਲੈਂਡ ਤੱਕ ਹਲਚਲ ਪੈਦਾ ਹੋ ਗਈ। ਅੰਗਰੇਜ਼ਾਂ ਨਾਲ ਜੋ ਹੋਈ ਬੀਤੀ , ਉਹਨਾਂ ਦੀ ਜ਼ੁਬਾਨੀ ਹੀ ਪਾਠਕਾਂ ਦੇ ਸਨਮੁੱਖ ਰੱਖਦੇ ਹਾਂ।

ਚੇਲਿਆਂਵਾਲਾ ਦੀ ਲੜਾਈ ਸਮੇਂ ਅੰਗਰੇਜ਼ ਫ਼ੌਜ ਦੀ ਲਾਮਬੰਦੀ ਸੰਸਾਰ ਪ੍ਰਸਿੱਧ ਵਾਟਰਲੂ ਲੜਾਈ ਦੇ ਬਰਾਬਰ ਸੀ ਪਰ ਫਿਰ ਵੀ ਜੋ ਹਸ਼ਰ ਅੰਗਰੇਜ਼ਾਂ ਦਾ ਹੋਇਆ, ਉਸ ਨੇ ਸਾਰੀ ਦੁਨੀਆਂ ਵਿਚ ਹਲਚਲ ਪੈਦਾ ਕਰ ਦਿੱਤੀ। ਇਸ ਲੜਾਈ ਵਿਚ ਜੇਕਰ ਕਿਸੇ ਨੂੰ ਕਾਮਯਾਬੀ ਮਿਲੀ ਤਾਂ ਨਿਸਚਿਤ ਹੀ ਸਿੱਖ ਸਨ, ਜਿਨ੍ਹਾਂ ਦਾ ਰੁਤਬਾ ਹੋਰ ਵੀ ਉੱਚਾ ਹੋ ਗਿਆ ਸੀ।(ਜੌਸਫ਼ ਥੈਕਵਲ, ਇਹ ਆਪ ਇਸ ਲੜਾਈ ਵਿੱਚ ਸੀ)

ਇਸ ਲੜਾਈ ਸਮੇਂ ਪੰਜ ਜਾਂ ਛੇ ਝੰਡੇ , ਜੋ 24ਵੀਂ ਪੈਦਲ , 25,30 ਤੇ 56ਵੀਂ ਬਟਾਲੀਅਨਾਂ ਦੇ ਸਨ, ਸਿੱਖਾਂ ਹੱਥ ਲੱਗੇ ਅਤੇ ਮੇਜਰ ਕਰਿਸਟੀ ਦੀਆਂ ਚਾਰ ਤੋਪਾਂ ਵੀ ਹੱਥ ਲੱਗੀਆਂ। 33 ਅੰਗਰੇਜ਼ ਅਫ਼ਸਰ ਅਤੇ 53 ਜੇ.ਸੀ.ਓ ਮਾਰੇ ਗਏ। 94 ਅੰਗਰੇਜ਼ ਅਫ਼ਸਰ ਅਤੇ 91 ਜੇ.ਸੀ.ਓ ਫੱਟੜ ਹੋਏ।ਉਹਨਾਂ ਦੀਆਂ ਫੌਜਾਂ ਸਾਰੀ ਰਾਤ ਲਾਮਬੰਦ ਨਾ ਹੋ ਸਕੀਆਂ। ਉਧਰ ਸਿੱਖਾਂ ਦੇ ਹੱਲੇ ਦਾ ਖ਼ਤਰਾ ਵੀ ਸਾਰੀ ਰਾਤ ਬਣਿਆ ਰਿਹਾ। ਉਸ ਰਾਤ ਭਾਰੀ ਮੀਂਹ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ।ਸਾਰੀ ਰਾਤ ਜ਼ਖ਼ਮੀ ਸਿਪਾਹੀ ਸੰਭਾਲਣ ਵਿੱਚ ਲਗ ਗਈ। 'ਐਨਾ ਜਾਨੀ ਨੁਕਸਾਨ ਅੰਗਰੇਜ਼ਾਂ ਦਾ ਦੁਨੀਆਂ ਵਿੱਚ ਕਿਤੇ ਵੀ ਨਹੀਂ ਸੀ ਹੋਇਆ, ਜੋ ਇਸ ਢਾਈ ਘੰਟੇ ਦੀ ਲੜਾਈ ਸਮੇਂ ਹੋ ਗਿਆ ਸੀ।' (ਮੇਜਰ ਟਰੋਟਰ)

ਇਸ ਤਬਾਹੀ ਨੇ ਸਾਡੀਆਂ ਕਾਮਯਾਬੀਆਂ ਉੱਤੇ ਮਿਟੀ ਪਾ ਦਿੱਤੀ ਹੈ ਅਤੇ ਲੋਕਾਂ ਦੇ ਦਿਲਾਂ ਉੱਤੇ ਕਾਬਲ ਦੇ ਘੱਲੂਘਾਰੇ ਨਾਲੋਂ ਜ਼ਿਆਦਾ ਅਸਰ ਕੀਤਾ ਹੈ।ਨਤੀਜਾ ਇਹ ਹੋਇਆ ਕਿ ਡਾਕ ਪੁੱਜਣ ਦੇ ਅਠਤਾਲੀ ਘੰਟਿਆਂ ਦੇ ਅੰਦਰ ਇਹ ਫ਼ੈਸਲਾ ਹੋ ਕਿ ਗਫ਼ ਦੀ ਥਾਂ ਸਰ ਚਾਰਲਸ ਨੇਪੀਅਰ ਨੂੰ ਹਿੰਦੁਸਤਾਨ ਦੀ ਫ਼ੌਜ ਦੀ ਕਮਾਨ ਕਰਨ ਲਈ ਭੇਜਿਆ ਜਾਵੇ।(ਸਰ ਜੌਨ ਹੌਬਹਾਊਸ)

ਕਮਾਂਡਰ ਇਨ ਚੀਫ਼ ਦੀ ਚਿੱਠੀ ਨੇ ਅੱਜ ਪਿੱਛੇ ਨਾਲੋਂ ਮੈਨੂੰ ਜ਼ਿਆਦਾ ਫ਼ਿਕਰ ਲਾ ਦਿੱਤਾ ਹੈ ਜਿਸ ਵਿਚੋਂ ਮੈਨੂੰ ਇਉਂ ਦਿਸਦਾ ਹੈ ਜਿਵੇਂ ਉਸ ਨੂੰ ਆਪਣੇ ਆਪ ਤੋਂ ਸਾਰਾ ਭਰੋਸਾ ਉੱਡ ਗਿਆ ਹੋਵੇ। ਮੈਂ ਅਗਲੀ ਲੜਾਈ ਵਿਚ ਅਸਰਦਾਰ ਕਾਰਵਾਈ ਲਈ ਫ਼ੌਜ ਉੱਤੇ, ਤੁਹਾਡੇ ਉੱਤੇ ਅਤੇ ਹੋਰ ਤੁਹਾਡੇ ਵਰਗਿਆਂ 'ਤੇ ਭਰੋਸਾ ਲਾਈ ਬੈਠਾਂ ਹਾਂ।

ਕਿਸੀ ਅੰਗਰੇਜ਼ੀ ਫੌਜ ਨੇ ਕਦੀ ਕੋਈ ਵੱਡੀ ਲੜਾਈ ਇਸ ਤੋਂ ਘੱਟ ਰੁਕਾਵਟਾਂ ਅਤੇ ਫ਼ਤਿਹ ਲਈ ਇਸ ਤੋਂ ਜਿਆਦਾ ਸਾਮਾਨ ਅਤੇ ਸਾਧਨਾਂ ਨਾਲ ਨਹੀਂ ਲੜੀ।(ਬ੍ਰਿਗੇਡੀਅਰ ਮਾਊਟਿਨ ਦਾ ਡਲਹੌਜ਼ੀ ਨੂੰ ਖ਼ਤ)

ਸਿਖ ਸਿਰਲੱਥ ਸੂਰਮਿਆਂ ਵਾਂਗ ਲੜੇ।....ਉਹ ਆਪਣੇ ਅੰਤਿਮ ਸੰਘਰਸ਼ ਵਿੱਚ ਵੀ ਬੜੇ ਜ਼ੋਰਦਾਰ ਤੇ ਭਿਆਨਕ ਢੰਗ ਨਾਲ ਲੜੇ।ਐਨੀ ਭਾਰੀ ਗਿਣਤੀ ਵਿੱਚ ਸ਼ੇਰਾਂ ਵਾਂਗ ਦਲੇਰ ਆਦਮੀ ਪਹਿਲਾਂ ਮੈਂ ਕਦੇ ਨਹੀਂ ਵੇਖੇ ਸਨ ।ਉਹ ਸੰਗੀਨਾਂ ਨਾਲ ਵਿਨ੍ਹੇ ਵੀ ਆਪਣੇ ਹਮਲਾਵਰ ਵੱਲ ਦੌੜ ਪੈਂਦੇ।(ਸੈਡਫੋਰਡ)

ਜਨਤਕ ਤੌਰ 'ਤੇ ਭਾਂਵੇਂ ਮੈਂ ਹਾਲਤ ਨੂੰ ਵਧੀਆ ਪੇਸ਼ ਕਰਨ ਲਈ, ਇਸ ਨੂੰ ਇਕ ਵੱਡੀ ਜਿੱਤ ਕਹਿੰਦਾ ਹਾਂ ਪਰ ਆਪ ਨੂੰ ਰਾਜ਼ਦਾਨਾ ਢੰਗ ਨਾਲ ਲਿਖਣ ਸਮੇਂ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਮੇਰੀ ਸਥਿਤੀ ਬੜੀ ਗੰਭੀਰ ਤੇ ਸੰਕਟਪੂਰਨ ਹੈ।(ਡਲਹੌਜ਼ੀ ਦਾ ਵੈਲਿੰਗਟਨ ਨੂੰ ਲਿਖਿਆ ਖ਼ਤ)

ਚੇਲਿਆਂਵਾਲਾ ਵਿੱਚ ਸਿੱਖਾਂ ਨੇ ਆਪਣੇ ਹਮਲਾਵਰਾਂ ਦੀਆਂ ਸੰਗੀਨਾਂ ਖੱਬੇ  ਹੱਥ ਨਾਲ ਫੜ੍ਹ ਲਈਆਂ ਤੇ ਨੇੜੇ ਹੋ ਕੇ ਆਪਣੇ ਸੱਜੇ ਹੱਥਾਂ ਵਿੱਚ ਫੜ੍ਹੀਆਂ ਤਲਵਾਰਾਂ ਨਾਲ ਆਪਣੇ ਵੈਰੀਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਇਹ ਹਾਲਾਤ ਇਹ ਦੱਸਣ ਲਈ ਕਾਫ਼ੀ ਹਨ ਕਿ ਇਹ ਆਦਮੀ(ਸਿੱਖ) ਕਿਸ ਪ੍ਰਕਾਰ ਦੀ ਸਾਹਸੀ ਨਸਲ ਦੇ ਹਨ।(ਥੈਕਵਲ)

ਜੇਕਰ ਸਿੱਖ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਨਾ ਕੇਵਲ ਅੰਗਰੇਜ਼ਾਂ ਦੀ ਹਕੂਮਤ ਪੰਜਾਬ 'ਚ ਹੀ ਖ਼ਤਮ ਹੋ ਜਾਂਦੀ ਬਲਕਿ ਉਨ੍ਹਾਂ ਨੂੰ ਹਿੰਦੁਸਤਾਨ ਵਿਚੋਂ ਵੀ ਕੱਢ ਦਿੱਤਾ ਜਾਂਦਾ।(ਐਡਵਿਨ ਅਰਨਾਲਡ)

ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ,
ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾ ਮਾਰੀਆਂ ਨੇ ।
ਬਲਦੀਪ ਸਿੰਘ ਰਾਮੂੰਵਾਲੀਆ

ਨੋਟ: ਸਿੱਖ ਇਤਿਹਾਸ ਦੀ ਇਸ ਜੰਗ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal