ਪ੍ਰਵਾਸ ਦੀ ਆਸ ''ਚ ਗਵਾਚਿਆ ਪੰਜਾਬ

08/29/2022 7:42:41 PM

ਮਨੁੱਖੀ ਜੀਵਨ ਵਿੱਚ ਵਰਤਮਾਨ ਅਤੇ ਭਵਿੱਖ ਦੀ ਹਰ ਪੱਖੋਂ ਸੁਰੱਖਿਆ ਬੇਹੱਦ ਜ਼ਰੂਰੀ ਹੁੰਦੀ ਹੈ। ਜਿੱਥੇ ਮਾਨਸਿਕ, ਸਮਾਜਿਕ, ਆਰਥਿਕ ਅਤੇ ਭਾਵਨਾਤਮਿਕ ਸੁਰੱਖਿਆ ਦੀ ਘਾਟ ਹੁੰਦੀ ਹੈ ਉਸ ਖਿੱਤੇ ਦਾ ਮਾਹੌਲ ਅਸਥਿਰ ਰਹਿੰਦਾ ਹੈ। ਇਹ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਹਨ। ਪ੍ਰਵਾਸ ਨਾਲ ਤਾਂ ਪੰਜਾਬ ਦਾ ਪੁਰਾਣਾ ਰਿਸ਼ਤਾ ਹੈ। 1950 ਤੋਂ ਹੀ ਪੰਜਾਬੀ ਇੰਗਲੈਂਡ ਵਿੱਚ ਵਸਣੇ ਸ਼ੁਰੂ ਹੋ ਗਏ ਸਨ। ਅੱਜ ਪੰਜਾਬ ਦਾ ਜਵਾਨ, ਗਿਆਨ ਅਤੇ ਪੈਸਾ ਖ਼ੁਸ਼ੀ - ਖ਼ੁਸ਼ੀ ਬਾਹਰ ਜਾ ਰਿਹਾ ਹੈ। ਇਸਦਾ ਕਾਰਨ ਹੈ ਕਿ ਉਹਨਾਂ ਮੁਲਕਾਂ ਦਾ ਸਾਜਗਾਰ ਮਾਹੌਲ ਅਤੇ ਸੁਖਾਵੀਂ ਸਹੂਲਤ।

ਉਂਝ ਤਾਂ 80 ਦੇ ਦਹਾਕੇ ਤੋਂ ਪ੍ਰਵਾਸ ਦੀ ਦੌੜ ਸ਼ੁਰੂ ਹੋਈ। ਇੱਕ ਅਨੁਮਾਨ ਅਨੁਸਾਰ ਹਰ ਸਾਲ ਪੰਜਾਬੀ ਜਵਾਨ ਜਹਾਜ਼ ਭਰ-ਭਰ ਕੇ ਲੱਖਾਂ ਕਰੋੜਾ ਰੁਪਈਏ ਦਾ ਮਾਲੀਆ ਬਾਹਰ ਲਿਜਾ ਰਹੇ ਹਨ ਪਰ 2010 ਤੋਂ ਰਫਤਾਰ ਤੇਜ਼ ਹੋ ਗਈ ਪੰਜਾਬ ਵਿੱਚ ਇਸ ਸਮੇਂ 14 ਪਾਸਪੋਰਟ ਕੇਂਦਰ ਹਨ । 2018 ਵਿੱਚ 60 ਹਜ਼ਾਰ 331, 2019 ਵਿੱਚ 73574 , 2020 ਵਿੱਚ 33412 ਪਾਸਪੋਰਟ ਬਣੇ । ਇਸ ਸਮੇਂ 21 ਵਿੱਚ ਕਰੋਨਾ ਨੇ ਇਸ ਰਫ਼ਤਾਰ ਨੂੰ ਜ਼ਰੂਰ ਝੰਜੋੜਿਆ। ਪੰਜਾਬ ਵਿੱਚ ਬੇਰੁਜ਼ਗਾਰੀ 90 ਲੱਖ ਤੋਂ ਉੱਪਰ ਖੜੀ ਹੈ।  2019 ਵਿੱਚ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਦਰ 8.2 ਫ਼ੀਸਦੀ ਸੀ ।ਇਹਨਾਂ ਅੰਕੜਿਆ ਤੋਂ ਇਓਂ ਪ੍ਰਤੀਤ ਹੁੰਦਾ ਹੈ " ਫੁੱਲ ਉਗੇਂਦੀ ਧਰਤੀ 'ਤੇ , ਕਿੱਤੇ ਉੱਗ ਪੈਣ ਨਾ ਥੋਰਾਂ, ਵਤਨ ਪੰਜਾਬ ਦੀਆਂ ਡਾਹਢੇ ਦੇ ਹੱਥ ਡੋਰਾਂ"

2015-2016 ਤੋਂ ਪੰਜਾਬੀਆਂ ਦਾ ਕੈਨੇਡਾ ਨੂੰ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ। ਕੈਨੇਡਾ ਵਿੱਚ ਇਸ ਸਮੇਂ 200 ਦੇ ਲੱਗਭੱਗ ਕਾਲਜ ਵਿਦੇਸ਼ੀਆਂ ਲਈ ਹਨ। ਪਿਛਲੇ ਸਾਲ ਵਿੱਚ ਇਹਨਾਂ ਦਾ ਟੀਚਾ 4 ਲੱਖ 94 ਹਜ਼ਾਰ ਸੀ। ਇੱਕਲੇ 2018 ਵਿੱਚ 25 ਹਜ਼ਾਰ ਪੰਜਾਬੀ ਜਵਾਨ ਕੈਨੇਡਾ ਗਏ। ਇੰਨ੍ਹੇ ਹੀ ਆਸਟਰੇਲੀਆ ਅਤੇ ਹੋਰ ਮੁਲਕਾਂ ਵੱਲ ਗਏ। ਕੈਨੇਡਾ ਦੀ ਅਬਾਦੀ ਦਾ 1.3 ਫ਼ੀਸਦੀ ਪੰਜਾਬੀ ਹਨ। ਪ੍ਰਵਾਸ ਬਾਰੇ ਤਰਾਸਦੀ ਰਿਪੋਰਟ ਇਹ ਹੈ ਕਿ 20 ਹਜ਼ਾਰ ਦੇ ਲੱਗਭਗ ਪੰਜਾਬੀ ਗ਼ੈਰ-ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਦੇ ਹਨ। ਇਸ ਅੰਕੜੇ ਅਨੁਸਾਰ ਦਿਖਦੀ ਮੌਤ ਬਾਰੇ ਵੀ ਭਵਿੱਖ ਦੀ ਚਿੰਤਾ ਹੈ।ਇਸ ਤੋਂ ਇਲਾਵਾ ਲੁੱਟ, ਵਪਾਰੀਕਰਨ ਅਤੇ ਅਸੁਰੱਖਿਆ ਦੀ ਅਣਹੋਣੀ ਵੀ ਪੰਜਾਬੀ ਸਹਿੰਦੇ ਹਨ। ਪਿਛਲੀਆਂ ਸਰਕਾਰਾਂ ਇਸ ਵਿਸ਼ੇ ਦੀ ਪਰਖ ਪੜਚੋਲ ਵਿੱਚ ਫਾਡੀ ਰਹੀਆਂ ।

ਪੰਜਾਬ ਵਿੱਚ ਪਹਿਲਾਂ ਤਾਂ ਨੌਕਰੀ ਮਿਲਦੀ ਹੀ ਨਹੀਂ, ਜੇ ਮਿਲਦੀ ਹੈ ਤਾਂ ਆਰਥਿਕ ਅਤੇ ਸਮਾਜਿਕ ਸ਼ੋਸ਼ਣ ਹੁੰਦਾ ਹੈ। ਪੈਨਸ਼ਨ ਨਾ ਹੋਣਾ ਵੀ ਸੁਰੱਖਿਆ ਦੀ ਭਾਵਨਾ ਨੂੰ ਸੱਟ ਮਾਰਦਾ ਹੈ । ਕਈ ਵਾਰ ਤਾਂ ਮੁਲਾਜ਼ਮ ਹੋਣ 'ਤੇ ਅਤੇ ਆਪਣਾ ਕਿੱਤਾ ਕਰਨ 'ਤੇ ਪੰਜਾਬ ਵਿੱਚ ਹਲੂਣਾ ਆਉਂਦਾ ਹੈ। ਇਸ ਸੰਵਦਨਸ਼ੀਲ ਮੁੱਦੇ 'ਤੇ ਮੌਜ਼ੂਦਾ ਸਰਕਾਰ ਨੂੰ ਤੁਰੰਤ ਯੋਜਨਾ ਉਲੀਕਣੀ ਚਾਹੀਦੀ ਹੈ ਜਿਸ ਨਾਲ ਪੰਜਾਬ ਦੀ ਬੌਧਿਕਤਾ, ਮਨੁੱਖੀ ਸ਼ਕਤੀ ਅਤੇ ਪੈਸਾ ਵਿਦੇਸ਼ ਜਾਣ ਤੋਂ ਰੁਕੇ। ਰੋਜ਼ੀ ਰੋਟੀ ਅਤੇ ਸੁਖੀ ਜੀਵਨ ਬਤੀਤ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਪ੍ਰਵਾਸ ਉਪਜਦਾ ਹੈ। ਪੰਜਾਬ ਦੀ  25 ਲੱਖ ਤੋਂ ਉੱਤੇ ਅਬਾਦੀ ਵਿਦੇਸ਼ਾਂ ਵਿੱਚ ਵਸੀ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਸ੍ਰੀ ਜੁਗਿੰਦਰ ਸਿੰਘ ਪਵਾਰ ਨੇ ਕਾਫ਼ੀ ਸਮੇਂ ਪਹਿਲਾਂ ਪੰਜਾਬੀ ਜਵਾਨੀ ਦਾ ਵਿਦੇਸ਼ੀ ਰੁਝਾਨ ਖ਼ਤਮ ਕਰਨ ਲਈ ਯੋਗ ਰੁਜ਼ਗਾਰ ਗਾਰੰਟੀ ਯੋਜਨਾ ਘੜ੍ਹਨ ਦੀ ਨਸੀਹਤ ਦਿੱਤੀ ਸੀ ।

ਪਦਾਰਥਵਾਦੀ ਢਾਂਚੇ ਨੇ ਪੰਜਾਬੀਆਂ ਦੀ ਸੋਚ ਨੂੰ ਬਦਲ ਕੇ ਰਿਸ਼ਤੇ ਨੀਵੇਂ ਕਰ ਦਿੱਤੇ। ਪੰਜਾਬੀ ਦੀ ਜਦੋਂ ਜਨਮਭੂਮੀ ਖੁਸਦੀ ਹੈ ਤਾਂ ਇੱਕ ਵਾਰ ਤਾਂ ਭਟਕ ਜਾਂਦਾ ਹੈ। ਇੱਕ ਗੁਣ ਵੀ ਹੈ ਕਿ ਪਰਵਾਸ ਕਰਕੇ ਰੁਜ਼ਗਾਰ ਦੀ ਭਾਲ ਵਿੱਚ ਹੈਂਕੜ ਊੂਚ ਨੀਚ  ਅਤੇ ਜਾਤ ਪਾਤ ਦਾ ਭੇਦ ਮਿਟ ਜਾਂਦਾ ਹੈ। ਉੱਥੇ "ਇੱਕੋ ਭਾਅ ਆਟੇ ਦਾ , ਇੱਕੋ ਦਾਣੇ ਦਾ" ਸਵੈਜਲਾਵਤਨੀ ਸਹੇੜ ਕੇ ਆਪਣਾ ਦੇਸ਼, ਭਾਸ਼ਾ, ਕਿੱਤਾ ਅਤੇ ਖਿੱਤਾ ਸਭ ਪਰਾਏ ਹੋ ਜਾਂਦੇ ਹਨ । ਭਾਵੇਂ ਦੇਰ ਹੋ ਚੁੱਕੀ ਹੈ ਪਰ ਅੱਜ ਸਰਕਾਰ ਦਾ ਹੰਭਲਾ ਪੰਜਾਬੀਆਂ ਦਾ ਪਰਵਾਸ ਰੋਕਣ ਲਈ ਜ਼ਰੂਰੀ ਹੈ। ਇਸ ਪਿੱਛੇ ਵੀ ਸਭ ਦੀ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਟੀਚਾ ਮਿੱਥ ਕੇ ਯੋਜਨਾ ਘੜਨ ਦੀ ਹੈ  ।

ਸੁਖਪਾਲ ਸਿੰਘ ਗਿੱਲ

 

 

 

 

Harnek Seechewal

This news is Content Editor Harnek Seechewal