11 ਜੂਨ 1842 ਦਾ ਇਤਿਹਾਸ, ਪੰਜਾਬ ਦਾ ਤਖ਼ਤ ਸੰਭਾਲਣ ਵਾਲੀ ਮਹਾਰਾਣੀ ਚੰਦ ਕੌਰ ਦਾ ਕਤਲ

06/11/2021 11:47:16 AM

ਮਹਾਰਾਣੀ ਚੰਦ ਕੌਰ ਦਾ ਜਨਮ ਫਤੇਗੜ੍ਹ (ਗੁਰਦਾਸਪੁਰ), ਘਨੱਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਘਨੱਈਆ ਦੇ ਘਰ 1804 ਈਸਵੀ ਵਿੱਚ ਹੋਇਆ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੇਠੇ ਪੁਤਰ ਕੰਵਰ ਖੜਕ ਸਿੰਘ ਨਾਲ ਇਸ ਬੀਬੀ ਦਾ 1812 ਈਸਵੀ ਵਿਚ ਵਿਆਹ ਹੋਇਆ । 1821 ਈਸਵੀ ਵਿੱਚ ਇਸ ਬੀਬੀ ਦੇ ਘਰ ਇਕਲੌਤੀ ਔਲਾਦ ਨੇ ਜਨਮ ਲਿਆ, ਜਿਸ ਦਾ ਨਾਮ ਕੰਵਰ ਨੌਨਿਹਾਲ ਸਿੰਘ ਰੱਖਿਆ ਗਿਆ। ਇਹ ਬੀਬੀ ਸਿਆਣੀ ਤੇ ਧਾਰਮਿਕ ਰਹੁ ਰੀਤਾਂ ਦਾ ਅਨੁਸਰਨ ਕਰਨ ਵਾਲੀ ਸੀ।
     
ਮਹਾਰਾਜਾ ਰਣਜੀਤ ਸਿੰਘ ਦੇ ਅੱਖ ਮੀਚਣ ਦੀ ਦੇਰ ਸੀ, ਲਾਹੌਰ ਦਰਬਾਰ ਛੜਯੰਤਰਾਂ ਦਾ ਤੇ ਬੇਭਰੋਸਗੀ ਦਾ ਸ਼ਿਕਾਰ ਹੋ ਗਿਆ ਜਿਸ ਦੀ ਭੇਟ ਮਹਾਰਾਜਾ ਖੜਕ ਸਿੰਘ ਤੇ ਨੌਨਿਹਾਲ ਸਿੰਘ ਚੜ੍ਹੇ। ਇਸ ਸਾਰੀ ਖੇਡ 'ਚ ਵੱਡੇ ਪਾਤਰ ਡੋਗਰੇ ਸਨ। ਨੌਨਿਹਾਲ ਦੀ ਮੌਤ ਪਿਛੋਂ 2 ਮਹੀਨੇ 17 ਦਿਨ ਪੰਜਾਬ ਦੇ ਤਖ਼ਤ ਨੂੰ ਸੰਭਾਲਣ ਦਾ ਮੌਕਾ ਮਹਾਰਾਣੀ ਚੰਦ ਕੌਰ ਨੂੰ ਮਿਲਿਆ। ਇਸ ਵਕਤ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਲਾਹੌਰ ਦਾ ਤਖ਼ਤ ਸੰਭਾਲਣ ਲਈ ਸੱਦਿਆ। ਦੂਜੇ ਪਾਸੇ ਇਸੇ ਦਾ ਭਰਾ ਗੁਲਾਬ ਸਿੰਘ ਡੋਗਰਾ ਮਹਾਰਾਣੀ ਚੰਦ ਕੌਰ ਵੱਲੇ ਸੀ। ਇਹਨਾਂ ਕਰਕੇ ਖ਼ਾਲਸਾ ਫ਼ੌਜਾਂ ਆਪਸ ਵਿੱਚ ਭਿੜ ਗਈਆਂ ਪਰ ਮਹਾਰਾਣੀ ਨੂੰ ਛੇਤੀ ਸਮਝ ਲਗ ਗਈ। ਕਿਲ੍ਹਾ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਮਹਾਰਾਣੀ ਨੂੰ 9 ਲੱਖ ਸਲਾਨਾ ਪੈਨਸ਼ਨ ਦੀ ਜਗੀਰ ਜੰਮੂ ਕੋਲ ਲਾਈ ਗਈ। ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਅੱਗੇ ਵਿਆਹ ਦਾ ਪ੍ਰਸਤਾਵ ਵੀ ਰੱਖਿਆ , ਜਿਸ ਬਾਰੇ ਉਸਨੇ ਸੋਚਣ ਲਈ ਸਮਾਂ ਮੰਗਿਆ। ਉਧਰ ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਦਾ ਸਾਰਾ ਮਾਲ ਅਸਬਾਬ ਲੈ ਗਿਆ, ਨਾਲ ਹੀ ਖ਼ਜ਼ਾਨੇ 'ਤੇ ਵੀ ਹੱਥ ਫੇਰ ਗਿਆ ਜੋ ਅੰਦਾਜ਼ਨ 80 ਲੱਖ ਸੀ। ਇਸੇ ਧਨ ਨਾਲ ਇਸਨੇ ਅੰਗਰੇਜ਼ਾਂ ਤੋਂ ਕਸ਼ਮੀਰ ਖ਼ਰੀਦਿਆ ਸੀ।

ਮਹਾਰਾਣੀ ਜਦੋਂ ਕਿਲ੍ਹੇ ਵਿਚੋਂ ਨਿਕਲ ਕੇ ਸ਼ਹਿਰ ਵਾਲੀ ਹਵੇਲੀ 'ਚ ਆ ਗਈ ਤਾਂ ਇੱਥੇ ਉਸਦੀਆਂ ਡੋਗਰਿਆਂ ਨੇ ਕਈ ਪੁਰਾਣੀਆਂ ਦਾਸੀਆਂ ਬਦਲ ਦਿੱਤੀਆਂ ਤੇ ਉਹਨਾਂ ਦੀ ਥਾਂ ਪਹਾੜਨਾਂ ਬਦਾਮੋਂ, ਭਾਗੀ, ਪਾਰੋ ਤੇ ਆਸੋ ਰੱਖਵਾ ਦਿੱਤੀਆਂ। ਡੋਗਰੇ ਇੱਕ ਤੀਰ ਨਾਲ ਕਈ ਸ਼ਿਕਾਰ ਫੁੰਡਣ ਨੂੰ ਫਿਰਦੇ ਸਨ; ਜਿਵੇਂ ਸ਼ੇਰ ਸਿੰਘ ਦੀ ਬਦਨਾਮੀ, ਸਰਦਾਰਾਂ ਵਿੱਚ ਬੇਇਤਫਾਕੀ, ਨਾਲੇ ਮਹਾਰਾਣੀ ਦੀ ਸਾਰੀ ਧਨ ਦੌਲਤ ਸੰਭਾਲਣਾ ਚਾਹੁੰਦੇ ਸਨ। ਇਹਨਾਂ ਦਾਸੀਆਂ ਜ਼ਰੀਏ 11 ਜੂਨ ਨੂ ਪਹਿਲਾਂ ਸ਼ਰਬਤ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਾਰਾਣੀ ਨੇ ਉਹ ਇਕ ਦੋ ਘੁੱਟ ਭਰ ਹੀ ਰੱਖ ਦਿੱਤਾ। ਅਖ਼ੀਰ ਰਾਤ ਨੂੰ ਸੁੱਤੀ ਮਹਾਰਾਣੀ 'ਤੇ ਇਹਨਾਂ ਨੇ ਮਸਾਲੇ ਰਗੜਨ ਵਾਲੇ ਭਾਰੇ ਪੱਥਰ ਨਾਲ ਹਮਲਾ ਕੀਤਾ ਤੇ ਮਹਾਰਾਣੀ ਨੂੰ ਕਤਲ ਕਰ ਦਿੱਤਾ ਗਿਆ। ਡੋਗਰੇ ਇਸ ਪਿੱਛੇ ਸਨ। ਬਿਨਾਂ ਕਿਸੇ ਤਫਤੀਸ਼ ਦੇ ਮਹਾਰਾਜਾ ਸ਼ੇਰ ਸਿੰਘ ਦਾ ਇੰਤਜ਼ਾਰ ਕੀਤੇ ਬਿਨਾਂ ਮਹਾਰਾਣੀ ਦਾ ਸਸਕਾਰ 12 ਜੂਨ ਨੂੰ ਸਾਦੇ ਢੰਗ ਨਾਲ ਕਰ ਦਿੱਤਾ ਗਿਆ।
     
ਇਹਨਾਂ ਕਾਤਲ ਦਾਸੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਕਤਲ ਸਾਡੇ ਕੋਲੋਂ ਧਿਆਨ ਸਿੰਘ ਡੋਗਰੇ ਨੇ ਕਰਵਾਇਆ। ਸੱਯਦ ਨਵਾਜ਼ਸ਼ ਅਲੀ ਇਹੋ ਗੱਲ ਲਿਖਦਾ ਹੈ। ਕਨਿੰਘਮ ਇਹ ਦੱਸਦਾ ਕਿ ਲਾਹੌਰ ਦਾ ਅੰਗਰੇਜ਼ੀ ਖ਼ਬਰ ਨਵੀਸ ਧਿਆਨ ਸਿੰਘ ਪੱਖੀ ਸੀ। ਇਸੇ ਲਈ ਅੰਗਰੇਜ਼ ਇਤਿਹਾਸਕਾਰ ਗੁਮਰਾਹ ਹੋਏ ਤੇ ਉਹਨਾਂ ਨੇ ਧਿਆਨ ਸਿੰਘ ਨੂੰ ਤੇ ਬਸ ਇਕ ਮੋਹਰੇ ਦੇ ਰੂਪ ਵਿਚ ਪੇਸ਼ ਕੀਤਾ ਤੇ ਇਸਦਾ ਸੂਤਰਧਾਰ ਮਹਾਰਾਜਾ ਸ਼ੇਰ ਸਿੰਘ ਨੂੰ ਬਣਾ ਕੇ ਪੇਸ਼ ਕੀਤਾ ਗਿਆ। ਧਿਆਨ ਸਿੰਘ ਨੇ ਦਾਸੀਆਂ ਨੂੰ ਬਹੁਤ ਤਸੀਹੇ ਦੇ ਕੇ ਉਹਨਾਂ ਦੇ ਹਥ-ਪੈਰ,ਨੱਕ-ਕੰਨ ਤੇ ਜੀਭ ਕੱਟ ਕੇ ਬੜੀ ਬੁਰੀ ਮੌਤ ਮਾਰਿਆ। ਮਹਾਰਾਜਾ ਸ਼ੇਰ ਸਿੰਘ ਨੂੰ ਮਹਾਰਾਣੀ ਦੇ ਕਤਲ ਤੇ ਦਾਸੀਆਂ ਨੂੰ ਸਜ਼ਾ ਦੇਣ ਵਾਲੀ ਗੱਲ ਪੰਜ ਦਿਨ ਬਾਅਦ ਸਿਆਲਕੋਟ ਦੇ ਮੁਕਾਮ 'ਤੇ ਭੇਜੀ ਗਈ।ਇਸ ਸਮੇਂ ਤੱਕ ਡੋਗਰੇ ਪੂਰੀ ਸਫ ਵਿਛਾ ਚੁੱਕੇ ਸਨ।ਇਸ ਕਤਲ ਨੇ ਹਕੀਕਤ ਵਿੱਚ ਪੰਜਾਬ ਦੀ ਹੋਣੀ ਬਦਲ ਦਿੱਤੀ।

ਬਲਦੀਪ ਸਿੰਘ ਰਾਮੂਵਾਲੀਆ

Harnek Seechewal

This news is Content Editor Harnek Seechewal