ਗ਼ਜ਼ਲ : ਮੰਦਰਾਂ 'ਚ ਬੈਠ ਗਿਆ ਕਦੇ ਪੱਥਰ ਬਣ-ਬਣ ਕੇ

09/17/2020 5:33:20 PM

ਮੰਦਰਾਂ ’ਚ ਬੈਠ ਗਿਆ ਕਦੇ ਪੱਥਰ ਬਣ-ਬਣ ਕੇ।
ਕਾਗਜ਼ ਤੇ ਖਿਲਰ ਗਿਐ ਕਦੇ ਅੱਖਰ ਬਣ ਬਣ ਕੇ।

ਝੁੱਗੀਆਂ ’ਚ ਮਾਤਮ ਹੈ, ਬਸ ਤੇਰੀ ਕ੍ਰਿਪਾ ਹੈ,
ਹਰ ਵਾਰ ਤੂੰ ਝੁੱਲਿਆ ਏ, ਜਿੱਥੇ ਝੱਖੜ ਬਣ-ਬਣ ਕੇ।

ਪੱਲੇਦਾਰਾਂ ਦੀ ਪਿੱਠ ’ਤੇ ਤੂੰ ਬਣ ਬਣ ਬੋਰੀਆ ਰਹਿਨੈ,
ਉਹਨਾਂ ਦੇ ਬੱਚਿਆਂ ਹੇਠ ਰਹਿਨੈ ਤੱਪੜ ਬਣ ਬਣ ਕੇ।

ਸ਼ਾਮਲਾਟ ਜ਼ਮੀਨਾਂ ’ਤੇ ਉੱਚੇ ਮਹਿਲ ਉਸਰ ਗਏ ਹੁਣ,
ਜਿੱਥੇ ਵੱਸਦਾ ਹੁੰਦਾ ਸੈ ਕਦੇ ਛੱਪੜ ਬਣ ਬਣ ਕੇ।

ਜਿਹਨੇ ਵੀ ਤੇਰੇ ਤੋਂ ਕਦੇ ਮੁਨਕਰ ਚਾਹਿਆ ਹੋਣਾ,
ਤੂੰ ਖਿੱਲਰ ਗਿਐ ਉਹਦੇ ਰਾਹਾਂ ’ਚ ਰੱਫੜ ਬਣ ਬਣ ਕੇ

ਤਿਰਸੂਲ,ਝੰਡੇ,ਬੁੰਗੇ, ਸੋਨੇ ਦੇ ਗੁੰਬਦ ਤੇਰੇ,
ਸ਼ਵੀ ਨੂੰ ਜਦ ਮਿਲਿਐ ,ਥੱਪੜ ਬਣ ਬਣ ਕੇ।

ਕਲਮਕਾਰ - ਸ਼ਵਿੰਦਰ ਸ਼ਵੀ (ਪਟਿਆਲਾ)
ਮੋਬਾਇਲ 75084 62421

rajwinder kaur

This news is Content Editor rajwinder kaur