ਸਮਾਜ ਪੁੱਟ ਕੇ ਨਰਕ ਵਿੱਚ ਸੁੱਟਿਆ ਚੰਦਰੇ ਮੋਬਾਈਲਾਂ ਨੇ

11/22/2017 3:52:55 PM

ਜਦੋਂ ਬਚਪਨ ਵਿੱਚ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਦੇ ਸੀ ਤਾਂ ਪੰਜਾਬੀ ਅਧਿਆਪਕਾਂ ਨੇ ਸਾਰੇ ਬੱਚਿਆਂ ਨੂੰ ਕਹਿਣਾ ਕਿ ਸਾਇੰਸ ਦੇ ਲਾਭ ਅਤੇ ਹਾਨੀਆਂ ਬਾਰੇ ਲੇਖ ਲਿਖੋ| ਇਹੀ ਲੇਖ ਛੇਵੀਂ ਜਮਾਤ ਤੋਂ ਸ਼ੁਰੂ ਹੋ ਕੇ ਦਸਵੀਂ ਜਮਾਤਾਂ ਤੱਕ ਚਲਦਾ ਰਿਹਾ ਅਤੇ ਪਿੰਡਾਂ ਦੇ ਬੱਚੇ ਵੀ ਇਹ ਲੇਖ ਲਿਖਣ ਵਿਚ ਮਾਹਿਰ ਹੋ ਗਏ| ਉਹ ਬੜੇ ਘੋਟ-ਘੋਟ ਕੇ ਸ਼ਬਦ ਵਰਤਦੇ ਤਾਂ ਕਿ ਮਾਸਟਰ ਜੀ ਵੱਧ ਤੋਂ ਵੱਧ ਨੰਬਰ ਦੇ ਦੇਣ| ਉਨ੍ਹਾਂ ਨੇ ਲਿਖਣਾ, ਸਾਇੰਸ ਨੇ ਸਾਨੂੰ ਬਿਜਲੀ ਦਿੱਤੀ ਹੈ, ਇਸ ਨਾਲ ਪਾਣੀ ਦੀ ਮੋਟਰ ਚਲਦੀ ਹੈ, ਇਹ ਸਾਨੂੰ ਪੱਖਾ ਝਲਦੀ ਹੈ, ਰਾਤ ਨੂੰ ਚਾਨਣ ਦੇਣ ਲਈ ਦੀਵੇ, ਲਾਲਟੈਨ ਅਤੇ ਲੈਂਪਾਂ ਦਾ ਕੰਮ ਸਾਰਦੀ ਹੈ ਪਰ ਇਹ ਬੰਦੇ ਵੀ ਮਾਰਦੀ ਹੈ| ਜਿਸ ਬੱਚੇ ਦਾ ਲੇਖ ਵਧੀਆ ਹੁੰਦਾ, ਤਾਂ ਮਾਸਟਰ ਜੀ ਹੋਰਾਂ ਨੂੰ ਪੜ੍ਹ ਕੇ ਸਾਰੇ ਬੱਚਿਆਂ ਨੂੰ ਸੁਣਾਉਂਦੇ|
ਗੱਲ ਤਾਂ ਬਿਲਕੁਲ ਠੀਕ ਹੈ ਮਨੁੱਖ ਲਈ ਸਾਇੰਸ ਨੇ ਕੀ ਕੀ ਨਹੀਂ ਕੀਤਾ? ਹਰ ਤਰ੍ਹਾਂ ਦੇ ਸੁੱਖ ਅੱਜ ਸਾਇੰਸ ਦੇ ਕਾਰਣ ਮਾਣ ਰਿਹਾ ਹੈ ਮਨੁੱਖ| ਅਜਬ ਕਿਸਮ ਦੇ ਆਵਾਜਾਈ ਦੇ ਸਾਧਨ ਮਨੁੱਖ ਪਾਸ ਹਨ, ਦੁੱਖਾਂ ਦੇ ਇਲਾਜ ਲਈ ਦਵਾਈਆਂ, ਮਨੋਰੰਜਨ ਲਈ ਘਰ-ਘਰ ਰੇਡੀਓ ਟੀ.ਵੀ, ਪੀਣ ਨੂੰ ਫਰਿਜ਼ਾਂ ਦਾ ਠੰਢਾ ਪਾਣੀ ਅਤੇ ਗਰਮੀ ਤੋਂ ਬਚਣ ਲਈ ਪੱਖੇ, ਕੁੱਲਰ ਅਤੇ ਏ.ਸੀ. ਹਾਜ਼ਰ|  ਰਹਿਣ ਲਈ ਸੁੱਖਦਾਇਕ ਮਕਾਨ, ਰਸੋਈਆਂ ਵਿਚ ਆਧੁਨਿਕ ਤਬਦੀਲੀਆਂ, ਵਿਆਹਾਂ ਸ਼ਾਦੀਆਂ ਲਈ ਜਗਮਗਾਉਂਦੀਆਂ ਰੰਗਦਾਰ ਲਾਈਟਾਂ, ਦੇਸ਼ਾਂ-ਵਿਦੇਸ਼ਾਂ ਵਿੱਚ ਆਹਮਣੇ ਸਾਹਮਣੇ ਗੱਲਾਂ ਕਰਨ ਲਈ ਕੰਪਿਊਟਰ ਅਤੇ ਨੈਟਵਰਕ| ਜੋ ਸਰੀਰ ਦੇ ਅੰਗ ਤੰਗ ਕਰਦੇ ਨੇ, ਬਦਲਾਅ ਕੇ ਘਰ ਆ ਜਾਓ| ਪਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਸਾਇੰਸ ਦੀਆਂ ਹਾਨੀਆਂ ਵੀ ਅਣਗਿਣਤ ਹੀ ਹਨ| ਪਲਾਂ ਵਿੱਚ ਮਨੁੱਖਤਾ ਦਾ ਨਾਸ਼ ਕਰਨ ਵਾਲੇ ਭਿਆਨਕ  ਜੰਗੀ ਸਾਜੋ-ਸਮਾਨ ਅਤੇ ਅੱਜ ਕੱਲ ਖੇਤਾਂ ਵਿੱਚ ਵਰਤੀਆਂ ਜਾ ਰਹੀਆਂ ਰਸਾਇਣਕ ਕੀਟ-ਨਾਸ਼ਕ ਦਵਾਈਆਂ ਅਤੇ ਮਨੁੱਖ ਨੂੰ ਮਾਰਨ ਲਈ ਪਤਾ ਨਹੀਂ ਹੋਰ ਕੀ ਕੀ ਤਿਆਰ ਹੈ?
ਹਾਂ, ਗੱਲ ਮੋਬਾਈਲ ਦੀ ਕਰਨ ਲੱਗੇ ਸੀ, ਇਹ ਵੀ ਸਾਇੰਸ ਦੀ ਬਚਿੱਤਰ ਕਾਢ ਹੈ, ਤਾਂ ਇਸ ਦੇ ਵੀ ਲਾਭ ਜਾਂ ਹਾਨੀਆਂ ਹੋਣੇ ਲਾਜ਼ਮੀ ਹਨ| ਮੋਬਾਇਲਾਂ ਦੇ ਅਨੇਕਾਂ ਸੁੱਖ ਦੇਖ, ਹਰ ਮਨੁੱਖ ਜੇਬ ਵਿੱਚ ਮੋਬਾਈਲ ਚੁੱਕੀ ਫਿਰ ਰਿਹਾ ਹੈ, ਕਈਆਂ ਨੇ ਕਈ-ਕਈ ਅਤੇ ਮਹਿੰਗੇ ਤੋਂ ਮਹਿੰਗੇ ਰੱਖੇ ਹਨ| ਦੂਰ ਬੈਠੇ ਆਦਮੀ ਜਾਂ ਘਰ ਦੇ ਕਿਸੇ ਵੀ ਮੈਂਬਰ ਨਾਲ, ਕਿਸੇ ਵੀ ਸਬੰਧ ਵਿੱਚ ਵਿਚਾਰ ਵਟਾਂਦਰਾ ਕਰਨ ਦਾ ਵਧੀਆ ਅਤੇ ਸੌਖਾ ਵਰਦਾਨ ਹੈ ਅੱਜ ਦਾ ਮੋਬਾਈਲ| ਦੂਰ ਦੁਰਾਡੇ ਦੇ ਰਿਸ਼ਤੇਦਾਰਾਂ, ਬੱਚਿਆਂ ਦੀ ਖ਼ਬਰ ਮਿੰਟਾਂ ਵਿੱਚ ਮਿਲ ਜਾਂਦੀ ਹੈ| ਦੇਸ਼-ਵਿਦੇਸ਼ ਵਸਦੇ ਰਿਸ਼ਤੇਦਾਰ ਦੂਰ ਨਹੀਂ ਲੱਗਦੇ ਜਾਂ ਇੰਝ ਕਹਿ ਲਵੋ ਕਿ ਸੰਸਾਰ ਇੱਕ ਪਰਿਵਾਰ ਦੀ ਤਰ੍ਹਾਂ ਹੀ ਹੋ ਗਿਆ ਹੈ| ਸਰਕਾਰੀ ਕੰਮਾਂ-ਕਾਰਜਾਂ ਦੀ ਜਾਣਕਾਰੀ, ਵਿਕਾਸ ਦੀ ਦਰ ਤੇਜ ਕਰਨ ਲਈ ਬਹੁਤ ਹੀ ਸਹਾਈ ਹਨ ਅਜੋਕੇ ਮੋਬਾਈਲ|
ਅਨੇਕਾਂ ਸੁੱਖ-ਸੁਵਿਧਾਵਾਂ ਅਤੇ ਲਾਭਾਂ ਦੇ ਹੁੰਦੇ ਹੋਏ ਵੀ, ਇਹ ਮੋਬਾਈਲ ਸਮਾਜ ਲਈ ਬਹੁਤ ਹੀ ਭਿਆਨਕ ਸਿੱਧ ਹੋ ਰਿਹਾ ਹੈ| ਕਿਹਾ ਜਾਂਦਾ ਹੈ ਕਿ ਅੱਜ ਦੇ ਬਹੁਤੇ ਜ਼ੁਰਮਾਂ ਵਿੱਚ ਮੋਬਾਈਲ ਹੀ ਸਹਾਈ ਹੁੰਦਾ ਹੈ| ਕਤਲ, ਚੋਰੀ, ਡਾਕੇ, ਲੁੱਟਾਂ-ਖੋਹਾਂ ਲਈ ਇਨ੍ਹਾਂ ਮੋਬਾਇਲਾਂ ਦੀ ਵਰਤੋਂ ਹੀ ਹੋਣ ਲੱਗੀ ਹੈ| ਡਾਕੂ, ਲੁਟੇਰੇ, ਕਾਤਲ, ਚੋਰ ਸਭ ਮੋਬਾਈਲ ਦੇ ਜ਼ਰੀਏ ਹੀ ਆਪਣੀ ਪਲੈਨਿੰਗ  ਨੂੰ ਅੰਜ਼ਾਮ ਦੇਂਦੇ ਹਨ| ਪਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਮੋਬਾਇਲਾਂ ਦੇ ਆਉਣ ਨਾਲ ਅਪਹਰਣ, ਬਲਾਤਕਾਰ ਅਤੇ ਫਿਰੋਤੀਆਂ ਦੇ ਕੇਸ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਵਧੇ ਹਨ| ਭਾਵੇਂ ਪੁਲਿਸ ਵਾਲੇ ਵੀ ਮੋਬਾਇਲਾਂ ਦੀ ਮਦਦ ਨਾਲ ਹੀ ਬਹੁਤ ਸਾਰੇ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜ਼ੁਲਮਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਪੁਲਿਸ ਦੇ ਵਸ ਦਾ ਰੋਗ ਨਹੀਂ ਰਿਹਾ| ਹਰ ਬੰਦੇ ਪਾਸ ਮੋਬਾਈਲ ਤਾਂ ਹਨ ਪਰ ਹਰ ਬੰਦੇ ਪਾਸ ਪੁਲਿਸ ਤਾਂ ਨਹੀਂ ਖੜ੍ਹੀ ਕੀਤੀ ਜਾ ਸਕਦੀ| ਬਚਿੱਤਰ ਤਰ੍ਹਾਂ ਦੇ ਜ਼ੁਰਮ ਹੁਣ ਸਮਾਜ ਵਿੱਚ ਦੇਖਣ-ਸੁਨਣ ਨੂੰ ਮਿਲਦੇ ਹਨ ਜਿਨ੍ਹਾਂ ਦਾ ਜ਼ਰੀਆ ਮੋਬਾਈਲ ਹੀ ਹੁੰਦੇ ਹਨ|
ਮੋਬਾਇਲਾਂ ਨੇ ਸਭ ਤੋਂ ਵੱਧ ਪੁਆੜਾ ਸਾਡੇ ਪਰਿਵਾਰਿਕ ਅਤੇ ਸਮਾਜਿਕ ਜੀਵਨ ਵਿੱਚ ਪਾਇਆ ਹੈ| ਅੱਜ ਕੱਲ ਵਿਆਹ ਵਿਚੋਲਿਆਂ ਰਾਹੀਂ ਨਹੀਂ, ਸਗੋਂ ਮੋਬਾਈਲ ਹੀ ਵਿਚੋਲੇ ਹੁੰਦੇ ਹਨ| ਵਿਆਹ ਤੋਂ ਪਹਿਲਾਂ ਹੀ ਲੜਕੇ ਅਤੇ ਲੜਕੀ ਦੇ ਘਰ ਵਾਲੇ ਮੋਬਾਇਲਾਂ ਦੀ ਭੰਬੀਰੀ ਬਣਾ ਦਿੰਦੇ ਹਨ, ਕੋਈ ਹੀ ਦਿਨ ਹੁੰਦਾ ਹੋਵੇਗਾ ਜਦੋਂ ਇਧਰ ਉਧਰ ਤੋਂ ਕੋਈ ਮੋਬਾਈਲ ਕਾਲ ਨਾ ਆਉਂਦੀ ਹੋਵੇ| ਲੜਕੇ ਅਤੇ ਲੜਕੀਆਂ ਆਪਣੇ ਮੋਬਾਇਲਾਂ ਤੇ ਅਲੱਗ ਮਸਤ ਰਹਿੰਦੇ ਹਨ ਜਿਹੜਾ ਕਿ ਸਮਾਜ ਦੀ ਗਿਰਾਵਟ ਦਾ ਮੁੱਖ ਕਾਰਨ ਬਣਦਾ ਹੈ| ਜੇ ਸੁੱਖੀ-ਸਾਂਦੀ ਵਿਆਹ ਸਿਰੇ ਚੜ੍ਹ ਜਾਵੇ ਤਾਂ ਫਿਰ ਪਰਿਵਾਰਿਕ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ| ਦੂਜੇ ਅੱਜ ਕੱਲ ਦੀਆਂ ਲੜਕੀਆਂ ਵੀ ਕੁਝ ਜਿਆਦਾ ਹੀ ਮਾਡਰਨ ਬਣ ਜਾਂਦੀਆਂ ਹਨ| ਸਿਲਾਈ-ਕਢਾਈ, ਕੱਤਣਾ-ਬੁਨਣਾ, ਕਸੀਦਾ ਕੱਢਣ ਦੀ ਗੱਲ ਤਾਂ ਕੀ ਕਰੀਏ ਉਨ੍ਹਾਂ ਨੂੰ ਸਬਜ਼ੀ ਬਣਾਉਣਾ ਅਤੇ ਰੋਟੀ ਬਣਾਉਣੀ ਵੀ ਨਹੀਂ ਆਉਂਦੀ| ਸਹੁਰੇ ਘਰ ਜਾ ਕੇ ਜਦੋਂ ਉਸਨੂੰ ਨਵੇਂ ਪਰਿਵਾਰ ਵਿੱਚ ਰੋਟੀ ਤਿਆਰ ਕਰਨ ਦੀ ਨੌਬਤ ਆਉਂਦੀ ਹੈ ਤਾਂ ਉਸਦੀ ਮਾਂ ਦਾ ਮੋਬਾਈਲ ਫੋਨ ਆ ਜਾਂਦਾ ਹੈ ਕਿ ਉਸਦੀ ਬੇਟੀ ਕੀ ਕੀ ਕਰ ਰਹੀ ਹੈ? ਤਾਂ ਲੜਕੀ ਦਾ ਜਵਾਬ ਹੁੰਦਾ ਹੈ ਕਿ ਉਹ ਰਸੋਈ ਵਿੱਚ ਰੋਟੀ ਪਕਾਉਣ ਦੀ ਤਿਆਰੀ ਕਰ ਰਹੀ ਹੈ, ਤਾਂ ਮਾਪੇ ਉਦੋਂ ਹੀ ਉਲਾਂਬਾ ਦੇਣ ਲੱਗਦੇ ਹਨ, ਵਿਚਾਰੀ ਕੱਲ ਵਿਆਹੀ, ਅੱਜ ਰੋਟੀ ਪਕਾਉਣ ਵੀ ਲਗ ਗਈ| ਪਰ ਲੜਕੀ ਦੀ ਸਮੱਸਿਆ ਤਾਂ ਰੋਟੀ ਪਕਾਉਣ ਦੀ ਹੈ ਤਾਂ ਉਹ ਵਾਰ-ਵਾਰ ਆਪਣੀ ਮਾਂ ਨੂੰ ਸਬਜ਼ੀ ਕੱਟਣ, ਤੜਕਾ ਲਾਉਣ, ਲੂਣ, ਮਿਰਚ ਪਾਉਣ ਅਤੇ ਰੋਟੀ ਪਕਾਉਣ ਲਈ ਪੁੱਛਣ ਵਾਸਤੇ ਫੋਨ ਕਰਦੀ ਰਹਿੰਦੀ ਹੈ| ਇਸ ਤਰ੍ਹਾਂ ਮਾਵਾਂ-ਧੀਆਂ ਮੋਬਾਇਲਾਂ ਵਿੱਚ ਉਲਝੀਆਂ ਰਹਿੰਦੀਆਂ ਹਨ ਅਤੇ ਇਹ ਮੋਬਾਈਲ ਪਰਿਵਾਰਾਂ ਲਈ ਸਮੱਸਿਆ ਬਣ ਜਾਂਦਾ ਹੈ| ਦੇਖਣ ਵਿੱਚ ਆਉਂਦਾ ਹੈ ਕਿ ਅੱਜ ਦੇ ਬਹੁਤ ਸਾਰੇ ਨਵ-ਵਿਆਹ ਬਹੁਤ ਜਲਦੀ ਹੀ ਟੁੱਟਣ ਦੇ ਕਿਨਾਰੇ ਪਹੁੰਚ ਜਾਂਦੇ ਹਨ ਜਾਂ ਟੁੱਟ ਜਾਂਦੇ ਹਨ| ਜਿਹੜਾ ਕਿ ਸਮਾਜ ਲਈ ਕੋਹੜ ਹੈ ਅਤੇ ਦੋਵੇਂ ਪਰਿਵਾਰ ਬਹੁਤ ਹੀ ਬੁਰੀ ਤਰ੍ਹਾਂ ਝੰਜੋੜੇ ਜਾਂਦੇ ਹਨ ਅਤੇ ਮਨੁੱਖੀ ਸਮਾਜ ਡਗਮਗਾ ਜਾਂਦਾ ਹੈ|
ਇਸ ਮੋਬਾਈਲ ਦਾ ਸਭ ਤੋਂ ਵੱਡਾ ਨੁਕਸਾਨ ਅੱਜ ਦੀ ਨੌਜਵਾਨ ਪੀੜੀ ਨੂੰ ਹੋ ਰਿਹਾ ਹੈ| ਜਿਆਦਾ ਮਾਡਰਨ ਬਣਨ ਦੇ ਚਾਅ ਵਿੱਚ, ਮੋਬਾਈਲ ਦੀ ਇੰਨੀ ਵਰਤੋਂ ਕਰਦੇ ਹਨ ਕਿ ਚਰਿਤਰਹੀਣਤਾ ਤੇ ਉਤਰ ਆਉਂਦੇ ਹਨ| ਅੱਜ ਦੇ ਸਮੇਂ ਵਿੱਚ ਹੋਣ ਵਾਲੇ ਬਲਾਤਕਾਰ ਦੇ ਬਹੁਤੇ ਕੇਸ ਇਸ ਪ੍ਰਕਿਰਿਆ ਵਿਚੋਂ ਹੀ ਨਿਕਲਦੇ ਹਨ| ਸਕੂਲਾਂ, ਕਾਲਜਾਂ ਵਿੱਚ ਪੜ੍ਹਨ ਵਾਲੇ ਸਾਰੇ ਮੁੰਡੇ-ਕੁੜੀਆਂ ਪਾਸ ਮੋਬਾਈਲ ਹੁੰਦੇ ਹਨ ਅਤੇ ਸਾਰਾ ਦਿਨ ਪਤਾ ਨਹੀਂ ਉਹ ਕਿਹੜੀਆਂ ਦੇਸ਼ ਵਿਕਾਸ ਦੀਆਂ ਗੱਲਾਂ ਕਰਦੇ ਹਨ ? ਕੰਨਾਂ ਨੂੰ ਮੋਬਾਈਲ ਹੀ ਲਾਈ ਰੱਖਦੇ ਹਨ| ਸਕੂਲ ਪੱਧਰ ਤੇ ਹੀ ਚਰਿਤਰ ਹੀਣਤਾ ਬਹੁਤ ਨੀਵੇ ਸਤਰ ਤੱਕ ਪਹੁੰਚ ਚੁੱਕੀ ਹੈ| ਸਿਆਣੇ ਅਤੇ ਸਮਝਦਾਰ ਮਾਪਿਆਂ ਲਈ ਇਹ ਮੋਬਾਈਲ ਬਿਪਤਾ ਬਣ ਚੁੱਕੇ ਹਨ| ਉਹ ਕਰਨ ਤਾਂ ਕੀ ਕਰਨ? ਬੱਚਿਆਂ ਨੂੰ ਮੋਬਾਈਲ ਤੋਂ ਮਨਾਂ ਕਰਦੇ ਹਨ ਜਾਂ ਥੋੜ੍ਹਾ ਬਹੁਤਾ ਝਿੜਕਦੇ ਹਨ ਤਾਂ ਉਹ ਮਰਨ ਦੇ ਡਰਾਵੇਂ ਦਿੰਦੇ ਹਨ| ਮਾਪੇ ਵਿਚਾਰੇ ਦਮ ਘੁੱਟ ਕੇ ਰਹਿ ਜਾਂਦੇ ਹਨ ਤਾਂ ਕਈ ਮਾਪੇ ਹੋਰ ਵੀ ਭਿਆਨਕ ਰੁੱਖ ਅਖਤਿਆਰ ਕਰ ਅਣਖ ਖਾਤਿਰ ਕਤਲ ਦੀ ਨੌਬਤ ਤੱਕ ਪਹੁੰਚ ਜਾਂਦੇ ਹਨ ਜਿਸ ਕਾਰਨ ਅਨੇਕਾਂ ਪਰਿਵਾਰ ਬਰਬਾਦ ਹੋ ਜਾਂਦੇ ਹਨ|
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇ ਮੋਬਾਈਲ ਦੇ ਚੰਗੇ ਲਾਭ ਵੀ ਹਨ ਉਨ੍ਹਾਂ ਫਾਇਦਿਆਂ ਨਾਲੋ ਸਮਾਜ ਲਈ ਕਿਤੇ ਘਾਤਕ ਨੁਕਸਾਨ ਵੀ ਹਨ| ਹੋਰ ਵੀ ਦੁੱਖ ਦੀ ਗੱਲ ਹੈ ਕਿ ਅਜਿਹੇ ਮਸਲਿਆਂ ਲਈ ਸਰਕਾਰਾਂ ਅਤੇ ਸਮਾਜ ਸੇਵੀ ਕੁਝ ਵੀ ਸਾਰਥਕ ਉਪਰਾਲੇ ਕਰਨ ਵਿੱਚ ਅਸਮਰਥ ਹਨ| ਲੋਕਾਂ ਦੀ ਨਿੱਜੀ ਵਰਤੋਂ ਕਰਨ ਲਈ ਕੋਈ ਬੰਦਸ਼ਾਂ ਵੀ ਕੰਮ ਨਹੀਂ ਆਉਣੀਆਂ| ਪਰ ਲੋਕਾਂ ਨੂੰ ਚਾਹੀਦਾ ਹੈ ਕਿ ਸਾਇੰਸ ਦੇ ਉਪਕਰਣ ਨੂੰ ਆਪਣੇ ਫਾਇਦੇ ਤੱਕ ਹੀ ਸੀਮਤ ਰੱਖਣ| ਨੌਜਵਾਨ ਪੀੜੀ ਨੂੰ ਚਾਹੀਦਾ ਹੈ ਕਿ ਉਹ ਪੜ੍ਹੇ ਲਿਖੇ ਹੋਣ ਕਾਰਨ ਆਪਣੇ ਬੁਰੇ ਭਲੇ ਦੀ ਪਹਿਚਾਣ ਕਰਨ ਅਤੇ ਇਹ ਵੀ ਮਨ ਵਿੱਚ ਜ਼ਰੂਰ ਰਖਣ ਕਿ ਉਹ ਵੀ ਇਸ ਸਮਾਜ ਦਾ ਅੰਗ ਹਨ ਅਤੇ ਇਸ ਸਮਾਜ ਨੂੰ ਨਰਕਾਂ ਵਿੱਚ ਜਾਣ ਤੋਂ ਰੋਕਣ ਲਈ ਉਹ ਵੀ ਆਪਣਾ ਯੋਗਦਾਨ ਪਾਉਣ| 
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ, 
ਚੰਡੀਗੜ੍ਹ| ਮੋ.ਨੰ: 98764-52223