ਕਹਾਣੀਨਾਮਾ : ਦਾਤਰੀਆਂ ਨੂੰ ਦੰਦੇ

05/05/2021 1:18:51 PM

ਰੋਟੀ ਖਾਣ ਲਈ ਬੈਠਾ ਝਿਰਮਲ ਸਿੰਘ ਨਿੰਮਾ-ਨਿੰਮਾ ਬੁੱਲ੍ਹੀਆਂ ’ਚ ਇੰਝ ਹੱਸ ਰਿਹਾ ਸੀ, ਜਿਵੇਂ ਕੋਈ ਪੁਰਾਣੀ ਯਾਦ ਤਾਜ਼ਾ ਹੋ ਗਈ ਹੋਵੇ, ਵਿੱਚੋ-ਵਿੱਚ ਹੱਸਦੇ ਹੋਏ ਝਿਰਮਲ ਸਿੰਘ ਨੇ ਰੋਟੀ ਖਾਣ ’ਚ ਅੱਜ ਬੜਾ ਹੀ ਟਾਈਮ ਲਾ ਦਿੱਤਾ ਸੀ ਕਿਉਂਕਿ ਉਸ ਦੇ ਮੂੰਹ ’ਚ ਹੁਣ ਕੋਈ ਵੀ ਦੰਦ ਨਹੀਂ ਰਹਿ ਗਿਆ ਸੀ, ਜਿਹੜੀ ਆਖਰੀ ਦਾੜ੍ਹ ਬਚੀ ਸੀ, ਉਹ ਵੀ ਕੱਲ੍ਹ ਝਿਰਮਲ ਸਿੰਘ ਨੂੰ ਅਲਵਿਦਾ ਕਹਿ ਕੇ ਆਪਣੇ ਆਪ ਈ ਨਿਕਲ ਗਈ, ਲਾਗੇ ਖੇਡਦੇ ਹੋਏ ਪੋਤੇ ਨੂੰ ਆਵਾਜ਼ ਮਾਰੀ ਅਤੇ ਕਿਹਾ, ਪੁੱਤ ਪਾਣੀ ਦਾ ਗਲਾਸ ਮੈਨੂੰ ਫੜਾ ਦੇਈਂ ਮੈ ਚੂਲੀ ਕਰ ਲਵਾਂ, ਪੋਤਾ ਭੱਜ ਕੇ ਗਿਆ ਤੇ ਪਾਣੀ ਦਾ ਗਲਾਸ ਭਰ ਕੇ ਲੈ ਆਇਆ, ਬਾਪੂ ਨੇ ਜਿਉਂ ਹੀ ਪਾਣੀ ਦਾ ਗਲਾਸ ਫੜਿਆ ਤੇ, ਪੋਤੇ ਨੇ ਇਕਦਮ ਹੱਥ ਵਿੱਚ ਕੁਝ ਵੇਖ ਕੇ ਸਵਾਲ ਕੀਤਾ, ਬਾਪੂਜੀ ਇਸ ਹੱਥ ਵਿੱਚ ਪਈਆ ਏ (ਰਪਈਆ) ਏ ? ਨਹੀਂ ਪੁੱਤ ਇਹ ਪਈਆ ਨਹੀਂ, ਇਹ ਮੇਰਾ ਦੰਦ ਏ ਹੁਣੇ ਈ ਟੁੱਟਾ ਏ ਬਾਪੂ ਨੇ ਜਵਾਬ ਦਿੱਤਾ, ਪੋਤੇ ਨੇ ਮੂੰਹ ਬਣਾਉਂਦੇ ਹੋਏ ਨੇ ਆਖਿਆ।

ਇਹ ਵੀ ਪੜ੍ਹੋ : ਕਹਾਣੀਨਾਮਾ : ਬਾਲਿਆਂ ਵਾਲੀ ਛੱਤ (ਮਿੰਨੀ ਕਹਾਣੀ) 

ਊਂ-‌‌---ਮੈਂ ਆਖਿਆ ਖਰੇ ਪਈਆ ਏ, ਲਿਆਓ ਬਾਪੂ ਜੀ ਆਪਣਾ ਦੰਦ ਮੈਨੂੰ ਫੜਾਓ, ਮੈਂ ਕੋਠੇ ’ਤੇ ਸੁੱਟਦਾਂ ਹਾਂ ਤੇ ਨਾਲੇ ਮੇਰੇ ਨਾਲ ਤੁਸੀਂ ਵੀ ਆਖੋ, ਰੱਬਾ-ਰੱਬਾ ਪੁਰਾਣਾ ਦੰਦ ਲੈ ਜਾਹ ਤੇ ਨਵਾਂ ਦੰਦ ਦੇ ਜਾਹ। ਪੋਤੇ ਦੀ ਏਨੀ ਗੱਲ ਸੁਣ ਕੇ ਬਾਪੂ ਝਿਰਮਲ ਸਿੰਘ ਖਿੜਖਿੜਾ ਕੇ ਹੱਸ ਪਿਆ, ਝਿਰਮਲ ਸਿੰਘ ਨੂੰ ਹੱਸਦਿਆਂ ਹੋਇਆਂ ਵੇਖ ਕੇ ਪੋਤੇ ਨੇ ਫਿਰ ਕਿਹਾ, ਬਾਪੂ ਜੀ ਰੱਬ ਤੋਂ ਨਵਾਂ ਦੰਦ ਨਹੀਂ ਲੈਣਾ ? ਨਹੀਂ ਲੈਣਾ ? ਤੁਸੀਂ ਐਵੇਂ ਹੱਸੀ ਜਾਂਦੇ ਓ, ਮੰਮੀ ਕਹਿੰਦੀ ਸੀ ਜਦੋਂ ਦੰਦ ਟੁੱਟ ਜਾਏ ਨਾ, ਉਦੋਂ ਹੱਸੀਦਾ ਨਹੀਂ ਹੁੰਦਾ, ਸਗੋਂ ਖਲੋ ਕੇ ਦੋਵੇਂ ਪੈਰ ਜੋੜ ਕੇ, ਰੱਬ ਵੱਲ ਨੂੰ ਮੂੰਹ ਕਰ ਕੇ ਜ਼ੋਰ ਨਾਲ ਦੰਦ ਕੋਠੇ ’ਤੇ ਸੁੱਟੀਦਾ, ਤੇ ਨਾਲੇ ਆਖੀਦਾ ਏ, ਰੱਬਾ-ਰੱਬਾ ਪੁਰਾਣਾ ਦੰਦ ਲੈ ਜਾਹ ਤੇ ਨਵਾਂ ਦੰਦ ਦੇ ਜਾਹ, ਫਿਰ ਰੱਬ ਛੇਤੀ-ਛੇਤੀ ਨਵਾਂ ਦੰਦ ਦੇ ਦਿੰਦਾ ਆ। ਹੁਣ ਰੱਬ ਨੇ ਮੈਨੂੰ ਨਵੇਂ ਦੰਦ ਕਿੱਥੋਂ ਦੇਣੇ ਨੇ ਪੁੱਤ ਰੱਬ ਕੋਲ ਤਾਂ ਮੇਰੇ ਲਈ ਦੰਦ ਹੁਣ ਕੋਈ ਰਹਿ ਈ ਨਹੀਂ ਗਿਆ, ਬਾਪੂ ਨੇ ਜਵਾਬ ਦਿੱਤਾ।

ਝਿਰਮਲ ਸਿੰਘ ਨੂੰ ਪੋਤੇ ਦੀਆਂ ਨਿਆਣਪੁਣੇ ’ਚ ਕਹੀਆਂ ਹੋਈਆਂ ਗੱਲਾਂ ਰੋਟੀ ਖਾਣ ਵੇਲੇ ਚੇਤੇ ਆ ਗਈਆਂ ਸਨ, ਇਸ ਲਈ ਬਾਪੂ ਝਿਰਮਲ ਸਿੰਘ ਰੋਟੀ ਖਾਂਦਾ ਹੋਇਆ ਵਿੱਚੋ-ਵਿੱਚ ਹੱਸੀ ਜਾ ਰਿਹਾ ਸੀ, ਉੱਤੋਂ ਰੋਟੀਆਂ ਵੀ ਤੰਦੂਰ ਦੀਆਂ ਸਨ, ਜੋ ਠੰਡੀਆਂ ਹੋਣ ’ਤੇ ਪਾਪੜ ਵਰਗੀਆਂ ਬਣ ਗਈਆਂ ਸਨ, ਆਖਿਰ ਝਿਰਮਲ ਸਿੰਘ ਨੇ ਬੜੀ ਮੁਸ਼ਕਿਲ ਨਾਲ ਤਿੰਨ ਰੋਟੀਆਂ ਮਸਾਂ ਈ ਖਾਧੀਆਂ ਤੇ ਹੱਥ ਧੋ ਕੇ ਪੁੱਤਰ ਨੂੰ ਆਵਾਜ਼ ਮਾਰੀ ਤੇ ਕਿਹਾ, ਪੁੱਤ ਆਪਣੀਆਂ ਦਾਤਰੀਆਂ ਲੱਭ ਕੇ ਤੇ ਦੰਦੇ ਕਢਾ ਕੇ ਲਿਆ, ਕੱਲ੍ਹ ਨੂੰ ਵਿਸਾਖੀ ਆ ਤੇ ਆਪਾਂ ਵਾਢੀ ਲਈ ਬਹਿਣਾ ਏਂ , ਆਪਣੇ ਤੋਂ ਨਹੀਂ ਵਾਢੀ-ਵੂਢੀ ਹੁੰਦੀ, ਆਪਾਂ ਤਾਂ ਮਸ਼ੀਨ ਫਰਾਅ ਦੇਣੀ ਆਂ, ਕਿਹੜਾ ਗਿੱਲਾ ਪੀਹਣ ਪਾਈ ਰੱਖੇ, ਪੁੱਤਰ ਨੇ ਅੱਗੋਂ ਕੋਰਾ ਜਵਾਬ ਦਿੰਦਿਆਂ ਕਿਹਾ, ਪੁੱਤ ਜੇ ਮਸ਼ੀਨ ਈ ਫਿਰਾ ਤੀ ਤਾਂ ਡੰਗਰਾਂ ਲਈ ਤੂੜੀ ਕਿੱਥੋਂ ਲਵੇਂਗਾ, ਆਪੇ ਈ ਤੂੰ ਕਹਿੰਦਾ ਸੀ ਕਿ ਰੀਪਰ ਦੀ ਤੂੜੀ ’ਚ ਤਾਂ ਮਿੱਟੀ ਬੜੀ ਆ ,ਡੰਗਰ ਬੀਮਾਰ ਹੋ ਗਏ ਨੇ ਐਤਕੀਂ ਹੱਥਾਂ ਨਾਲ ਵੱਢਾਂਗੇ, ਬਾਪੂ ਨੇ ਕਿਹਾ। ਆਹੋ ਬਾਪੂ ਗੱਲ ਤਾਂ ਤੇਰੀ ਵੀ ਠੀਕ ਆ ਪਰ ਕਣਕ ਵੱਢਣ ਲਈ ਕੌਣ ਤਿਆਰ ਆ, ਕੋਈ ਨਹੀਂ ਵੱਢਦਾ ਹੱਥਾਂ ਨਾਲ ਅੱਜਕੱਲ੍ਹ ਕਣਕ, ਪੁੱਤਰ ਨੇ ਗੱਲ ਮੁਕਾਉਣ ਦੀ ਕੀਤੀ । ਬਾਪੂ ਨੇ ਖਿਝ ਕੇ ਕਿਹਾ ਕਿਸੇ ਨੂੰ ਕਿਉਂ ਕਹਿਣਾ ਆਂ, ਆਹ ਜਿਹੜੇ ਜਵਾਕ ਹੱਥਾਂ ’ਚ ਛਿੱਤਰ ਜਿਹੇ (ਮੋਬਾਇਲ) ਫੜ ਕੇ ਸਾਰਾ-ਸਾਰਾ ਦਿਨ ਗੇਮਾਂ ਖੇਡਦੇ ਰਹਿੰਦੇ ਆ ਇਨ੍ਹਾਂ ਨੂੰ ਨਾਲ ਲਾ ਖਾਂ ਸਾਰਾ ਦਿਨ ਵਿੱਚ ਈ ਵੜੇ ਰਹਿੰਦੇ ਆ, ਜੇ ਇਨ੍ਹਾਂ ਨੂੰ ਕਿਤੇ ਆਵਾਜ਼ ਮਾਰੋ ਜਾਂ ਬੁਲਾਓ ਤਾਂ ਉੱਖੜੀ ਕੁਹਾੜੀ ਦੀ ਤਰ੍ਹਾਂ ਅੱਗੋਂ ਪੈਂਦੇ ਆ, ਤੂੰ ਜਾਹ ਦਾਤੀਆਂ ਨੂੰ ਦੰਦੇ ਕਢਾ ਕੇ ਲਿਆ, ਮੈਂ ਲਾਵਾਂਗਾ ਇਨ੍ਹਾਂ ਨੂੰ ਆਪਣੇ ਨਾਲ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਤਾਂ ਦੋ ਕਨਾਲਾਂ ਵੱਢਾਂਗੇ, ਬਾਪੂ ਦੀ ਦਲੇਰੀ ਤੇ ਹਿੰਮਤ ਵੇਖ ਕੇ ਪੁੱਤਰ ਦਾਤੀਆਂ ਕੱਠੀਆਂ ਕਰ ਕੇ ਲੈ ਗਿਆ ਪਰ ਦਾਤੀਆਂ ਨੂੰ ਦੰਦੇ ਕੱਢਣ ਵਾਲਾ ਬੀਰਾ ਮਿਸਤਰੀ ਕਿਤੇ ਗਿਆ ਹੋਇਆ ਸੀ, ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ  ਬਾਅਦ ਬੀਰਾ ਮਿਸਤਰੀ ਜਦੋਂ ਦੁਕਾਨ ’ਤੇ ਆਇਆ ਤਾਂ ਝਿਰਮਲ ਸਿੰਘ ਦੇ ਪੁੱਤਰ ਨੂੰ ਆਉਂਦਿਆਂ ਹੀ ਪੁੱਛਿਆ, ਹਾਂ ਜੀ ਦੱਸੋ ਕੀ ਕੰਮ ਹੈ। 

ਤਾਂ ਝਿਰਮਲ ਸਿੰਘ ਦੇ ਪੁੱਤਰ ਨੇ ਕਿਹਾ, ਮਿਸਤਰੀ ਜੀ ਆਹ ਦਾਤਰੀਆਂ ਨੂੰ ਦੰਦੇ ਕੱਢ ਦਿਓ, ਲਿਆਓ ਜੀ ਮੈਂ ਹੁਣੇ ਦੰਦੇ ਕੱਢ ਦਿੰਦਾ ਹਾਂ, ਹੁਣ ਤਾਂ ਕਣਕ ਪਹਿਲਾਂ ਦੀ ਤਰ੍ਹਾਂ ਹੱਥਾਂ ਤੇ ਈ ਵੱਢਣੀ ਪੈਣੀ ਆਂ, ਮੈਂ ਤਾਂ ਸਵੇਰ ਤੋਂ ਈਂ ਸਾਰੇ ਪਿੰਡ ’ਚ ਘਰੋ-ਘਰੀ ਜਾ ਕੇ ਦਾਤਰੀਆਂ ਨਵੀਆਂ ਵੀ ਦੇ ਰਿਹਾ ਹਾਂ ਅਤੇ ਪੁਰਾਣੀਆਂ ਦੇ ਦੰਦੇ ਵੀ ਕੱਢ ਰਿਹਾ ਹਾਂ, ਮਿਸਤਰੀ ਨੇ ਖੁਸ਼ ਹੁੰਦਿਆਂ ਕਿਹਾ, ਉਹ ਕਿਉਂ ਮਿਸਤਰੀ ਜੀ ? ਝਿਰਮਲ ਸਿੰਘ ਦੇ ਲੜਕੇ ਨੇ ਸਵਾਲ ਕੀਤਾ, ਮਿਸਤਰੀ ਜੀ ਨੇ ਜਵਾਬ ਦਿੱਤਾ ਅਤੇ ਕਿਹਾ, ਉਸ ਇਸ ਲਈ ਕਿ ਸਰਕਾਰ ਨੇ ਕਣਕ ਦੇ ਖੇਤ ਨੂੰ ਅੱਗ ਲਾਉਣ ’ਤੇ ਪਾਬੰਦੀ ਲਾਈ ਹੋਈ ਹੈ, ਇਸ ਵਾਰ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਕਣਕ ਹੱਥਾਂ ਨਾਲ ਈ ਵੱਢੀ ਜਾਏ, ਜਿਸ ਨਾਲ ਬਹੁਤ ਸਾਰੇ ਫਾਇਦੇ ਵੀ ਹੋਣਗੇ, ਇੱਕ ਤਾਂ ਡੀਜ਼ਲ ਮਹਿੰਗਾ ਹੋਣ ਕਾਰਨ ਕਣਕਾਂ ਦੀ ਕਟਾਈ ਬਹੁਤ ਮਹਿੰਗੀ ਹੈ, ਉਹ ਵੀ ਬਚੇਗੀ, ਦੂਜਾ ਰੀਪਰ ਨਾਲ ਤੂੜੀ ਬਣਾਉਣ ’ਤੇ ਵੀ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ, ਉਹ ਵੀ ਬਚੇਗਾ ਅਤੇ ਤੂੜੀ ਵੀ ਬਿਨਾਂ ਮਿੱਟੀ ਤੋਂ ਸਾਫ-ਸੁਥਰੀ ਬਣੇਗੀ, ਇਸ ਨਾਲ ਮੁੱਢੋਂ ਰਗੜ ਕੇ ਵੱਢੀ ਹੋਈ ਕਣਕ ਵਾਲੇ ਖੇਤ ਨੂੰ ਅੱਗ ਲਾਉਣ ਦੀ ਵੀ ਜ਼ਰੂਰਤ ਨਹੀਂ ਪਏਗੀ ਅਤੇ ਨਾ ਹੀ ਕਿਸੇ ਕਿਸਮ ਦਾ ਪ੍ਰਦੂਸ਼ਣ ਫੈਲੇਗਾ, ਜੇਕਰ ਕਣਕਾਂ ਦੀ ਕਟਾਈ ਆਪਣੇ ਹੱਥੀਂ ਕਰਨ ਲਈ ਲੋਕ ਹਿੰਮਤ ਕਰਨ ਤਾਂ ਬਹੁਤ ਸਾਰਾ ਪੈਸਾ ਵੀ ਬਚ ਸਕਦਾ ਹੈ ਅਤੇ ਬੱਚਿਆਂ ਨੂੰ ਵੀ ਖੇਤਾਂ ਵਿੱਚ ਹੱਥੀਂ ਕੰਮ ਕਰਨ ਦਾ ਸ਼ੌਕ ਪੈਦਾ ਹੋਵੇਗਾ, ਨਹੀ ਤਾਂ ਉਹ ਦਿਨ ਦੂਰ ਨਹੀਂ, ਬੱਚੇ ਇੰਨੇ ਆਲਸੀ ਅਤੇ ਕੋਈ ਵੀ ਕੰਮ ਕਰਨ ਤੋਂ ਇੰਨੇ ਅਸਮਰੱਥ ਹੋ ਜਾਣਗੇ ਕਿ ਆਪਣਾ ਆਪ ਵੀ ਲੈ ਕੇ ਤੁਰਨਾ ਮੁਸ਼ਕਿਲ ਹੋ ਜਾਏਗਾ। 

ਇੰਨੀ ਸੁਣ ਕੇ ਝਿਰਮਲ ਸਿੰਘ ਦੇ ਲੜਕੇ ਨੂੰ ਆਪਣੇ ਦੋਵਾਂ ਬੇਟਿਆਂ ਦਾ ਅਵੇਸਲਾਪਣ ਦਿੱਸਣ ਲੱਗਾ, ਵਾਕਿਆ ਈ ਮਿਸਤਰੀ ਦੀ ਗੱਲ ਠੀਕ ਹੈ, ਸਾਰਾ-ਸਾਰਾ ਦਿਨ ਬੱਚੇ ਮੋਬਾਇਲ ’ਤੇ ਗੇਮਾਂ ਖੇਡਦੇ ਰਹਿੰਦੇ ਹਨ, ਇਸ ਬਹਾਨੇ ਇਨ੍ਹਾਂ ਦਾ ਕੁਝ ਦਿਨਾਂ ਲਈ ਮੋਬਾਇਲ ਤੋਂ ਵੀ ਖਹਿੜਾ ਛੁੱਟ ਜਾਏਗਾ ਅਤੇ ਹੱਥੀਂ ਕੰਮ ਕਰਨ ਦਾ ਸ਼ੌਕ ਵੀ ਪੈਦਾ ਹੋਵੇਗਾ, ਹੁਣ ਝਿਰਮਲ ਸਿੰਘ ਦੇ ਚਿਹਰੇ ’ਤੇ ਖੁਸ਼ੀ ਦੀ ਲਹਿਰ ਦੌੜ ਗਈ ਕਿਉਂਕਿ ਸਵੇਰੇ ਵਿਸਾਖੀ ਵਾਲੇ ਦਿਨ ਪਹਿਲਾਂ ਵਿਸਾਖੀ ਨਹਾ ਕੇ ਹੀ ਫਿਰ ਵਾਢੀ ਬਹਿਣ ਦਾ ਫੈਸਲਾ ਆਪਣੇ ਮਨ ਹੀ ਮਨ ਕਰ ਲਿਆ ਸੀ, ਘਰ ਜਾਂਦਿਆਂ ਹੀ ਬਾਪੂ ਝਿਰਮਲ ਸਿੰਘ ਨੂੰ ਆਵਾਜ਼ ਮਾਰ ਕੇ ਆਖਣ ਲੱਗਾ, ਬਾਪੂ ਜੀ ਮੈਂ ਦਾਤਰੀਆਂ ਨੂੰ ਦੰਦੇ ਕਢਵਾ ਕੇ ਲੈ ਆਇਆ ਹਾਂ, ਅਸੀਂ ਸਾਰੇ ਜਣੇ ਆਪਣੀ ਕਣਕ ਆਪਣੇ ਹੱਥੀਂ ਹੀਂ ਵੱਢਾਂਗੇ, ਸਵੇਰ ਤੋਂ ਸਾਡੀ ਸਾਰਿਆਂ ਦੀ ਰੋਟੀ ਤੇ ਚਾਹ ਮਗਰ ਲਿਆਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ, ਕੋਲ ਬੈਠੇ ਹੋਏ ਪੋਤਰੇ ਨੇ ਕਿਹਾ ਬਾਪੂ ਜੀ ਨਾਲੇ ਆਪਾਂ ਰੰਗ ਵਾਲਾ ਜਰਦਾ ਵੀ ਬਣਾਇਆ ਕਰਾਂਗੇ, ਮਗਰ ਖੇਤਾਂ ਵਿੱਚ ਵੀ ਲੈ ਕੇ ਜਾਇਆ ਕਰਾਂਗੇ। ਉਹ ਕਿਉਂ, ਬਾਪੂ ਨੇ ਪੋਤੇ ਨੂੰ ਮਜ਼ਾਕ ਨਾਲ ਕਿਹਾ, ਪੋਤੇ ਨੇ ਝੱਟ ਬਾਪੂ ਦੇ ਮੂੰਹ ਵੱਲ ਨੂੰ ਹੱਥ ਕਰਕੇ ਆਖਿਆ, ਤੁਹਾਡੇ ਦੰਦ ਨਹੀਂ ਹੈਗੇ ਨਾ-ਉਹ ਥੋਡੀ ਨੂੰ ---ਅੱਛਾ, ਇੰਨਾ ਕਹਿੰਦਿਆਂ ਈਂ ਬਾਪੂ ਨੇ ਪੋਤੇ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਕਿਹਾ, ਮੇਰਾ ਪੁੱਤ ਮੇਰਾ ਕਿੰਨਾ ਖਿਆਲ ਰੱਖਦਾ ਏ ---(ਸਮਾਪਤ)

ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਤੋਂ 
ਮੋ. 9855069972--9780253156

 

Manoj

This news is Content Editor Manoj