ਐਵਾਨ-ਏ- ਗ਼ਜ਼ਲ- 5 : ਡਾਹਢੇ ਪਾਸੋਂ ਡਰ ਲੱਗਦਾ ਹੈ...

04/04/2021 1:30:28 PM

ਤੇਰਾਂ
ਡਾਹਢੇ ਪਾਸੋਂ ਡਰ ਲੱਗਦਾ ਹੈ,
ਹਰ ਕੋਈ ਜੋਰਾ ਵਰ ਲੱਗਦਾ ਹੈ।
ਲੇਖਕ ਦੇ ਹੱਥ ਵਿਚ ਹੈ ਕਾਨੀ,
ਜਾਬਰ ਨੂੰ ਖੰਜ਼ਰ ਲੱਗਦਾ ਹੈ।
ਮੇਰੀ ਕੁੱਲੀ ਨੂੰ ਅੱਗ ਲੱਗੀ,
ਲੋਕਾਂ ਨੂੰ ਮੰਜਰ ਲੱਗਦਾ ਹੈ।
ਚੋਣਾ ਵੇਲੇ ਲੀਡਰ ਤਾਈਂ,
ਹਰ ਇਕ ਵੋਟਰ ਸਰ ਲੱਗਦਾ ਹੈ।
ਇਥੇ ਹਰ ਇਕ ਚੀਜ਼ ਵਿਕਾਊ,
ਲੈਣ ਲਈ ਪਰ ਜਰ ਲੱਗਦਾ ਹੈ।
ਆਇਆ ਹੈ ਚੋਣਾਂ ਦਾ ਮੌਸਮ,
ਯਾਰ ਦਾ ਖੀਸਾ ਤਰ ਲੱਗਦਾ ਹੈ।
ਮੰਦਰ ਮਸਜਦ ਗੁਰਦੁਆਰਾ,
ਹਰ ਥਾਂ ਤੇਰਾ ਘਰ ਲੱਗਦਾ ਹੈ।


ਚੌਦਾਂ
ਡਾਹਢੇ ਪਾਸੋਂ ਡਰਦੇ ਲੋਕ, ਝੁਕ ਝੁਕ ਸਜਦੇ ਕਰਦੇ ਲੋਕ।
ਚਾਰ ਚੁਫੇਰੇ ਸਾਝਾਂ ਪਾਲਣ, ਓਧਰ ਨਾ ਏਧਰ ਦੇ ਲੋਕ।
ਮਤਲਬ ਖਾਤਰ ਸਭ ਕਝੁ ਬਣਦੇ ਪਰ ਨਹੀਂ ਬਣਦੇ ਘਰਦੇ ਲਕੋ ।
ਸਮਝ ਨਾ ਜੀਂਦੇ ਉਨ੍ਹਾਂ ਤਾਈਂ, ਜੋ ਮਰਨੇ ਤੋਂ ਡਰਦੇ ਲੋਕ।
ਕਮ ਦੇ ਖਾਧੇ ਦਮ ਦੇ ਭੁਖੇ, ਭੱਜੇ ਫਿਰਨ ਨਗਰ ਦੇ ਲੋਕ।
ਦੋ ਦਿਲ ਮਿਲਦੇ ਦੋ ਸਿਰ ਜੁੜਦੇ, ਵੇਖ ਕਦੇ ਨਹੀਂ ਜਰਦੇ ਲੋਕ।
ਜੱਗ ਦੀ ਕੀਮਤ ਰਹਿ ਗਿਆ ਪੈਸਾ, ਟਕੇ-ਟਕੇ ਅਤੇ ਮਰਦੇ ਲੋਕ।
ਤੇਰੇ ਬਾਝ ਨਾ ਵੱਸਿਆ ਕੋਈ, ਨਜ਼ਰੋਂ ਬਹੁਤੇ ਗਿਰਦੇ ਲੋਕ।
ਵੇਖਣ ਸੁਣਨ ਤਾਂ ਲੱਗਦੇ ਨੇ, ਬੜੇ ਹੀ ਪੁੱਜਦੇ ਸਰਦੇ ਲੋਕ।
ਸ਼ਰੇਆਮ ਭੰਡਦੇ ਨੇ ਮੈਨੂੰ, ਕਿੰਨੇ ਨੇ ਬੇ ਪਰਦੇ ਲੋਕ।


ਪੰਦਰਾਂ
ਇਹ ਸ਼ੀਸ਼ਾ ਦਿਲ ਦਾ ਜੁੜ ਜਾਏ ਨ ਹਣੀ ਬਾਤ ਲੱਗਦੀ ਹੈ।
ਤੇ ਬਣ ਮੋਹਰੇ ਦਾ ਗੁੜ ਜਾਏ ਨ ਹੋਣੀ ਬਾਤ ਲੱਗਦੀ ਹੈ।
ਬੁਝੇ ਨੇ ਦੀਪ ਆਸਾਂ ਦੇ ਸੱਧਰਾਂ ਦੇ ਬਣੇ ਕੋਲੇ,
ਗਮਾਂ ਦਾ ਭਾਰ ਥੁੜ ਜਾਏ ਨ ਹੋਣੀ ਬਾਤ ਲੱਗਦੀ ਹੈ।
ਪਵੇਗਾ ਭੁਗਤਣਾ ਹਰ ਸਾਲ ਜੋ ਲਿਖਆ ਮਕੱਦਰ ਦਾ,
ਕਿ ਦਰਦੇ ਦਿਲ ਵਿਛੁੜ ਜਾਏ ਨ ਹੋਣੀ ਬਾਤ ਲੱਗਦੀ ਹੈ।
ਜਿਨਾਂ ਰਾਹਾਂ ਨੇ ਮੇਰੀ ਅਣਖ ਨੂੰ ਵੰਗਾਰਿਆ ਹੁਣ ਤੱਕ,
ਉਨ੍ਹਾਂ 'ਚ ਅਣਖ ਰੁੜ ਜਾਏ ਨਾ ਹੋਣੀ ਬਾਤ ਲੱਗਦੀ ਹੈ।
ਬਣਨ ਸ਼ੰਗਾਰ ਨਾ ਕੱੜੀਆਂ ਬਾਹਾਂ ਦਾ ਆਖਰੀ ਉਮਰੇ,
ਅਜ਼ਲ ਬੂਹੇ ਤੋਂ ਮੁੜ ਜਾਏ ਨ ਹੋਣੀ ਬਾਤ ਲੱਗਦੀ ਹੈ।

 

ਇਕ ਨਜ਼ਮ ਲੀਕ ਪਾਰ ਤੋਂ

ਆਪਣੇ ਘਰ ਦੇ ਕੋਠੇ ਉਤੋਂ
ਦੂਰ ਕਿਤੇ ਇਕ ਦੁਨੀਆਂ ਦਿਸੇ
ਡਾਹਢੀ ਰੰਗ ਰੰਗੀਲੀ
ਮਨ ਨੂੰ ਆਪਣੇ ਵੱਲ ਉਹ ਖਿੱਚਦੀ
ਐਸੀ ਸੁਹਜ ਸੁਬੀਲੀ
ਉਸ ਦੁਨੀਆਂ ਨੂੰ ਦੇਖਣ ਲਈ
ਜਦ ਨਿੱਕਲੀ ਘਰੋਂ
ਕਰਕੇ ਕਈ ਬਹਾਨੇ
ਕੀ ਖ਼ਬਰ ਸੀ
ਆਪਣੇ ਵੀ ਹੋ ਜਾਵਣ ਗੇ ਬੇਗਾਨੇ
ਉਸ ਦੁਨੀਆਂ ਦੀ ਗੱਲ ਇਕ ਲੱਗੀ ਬੜੀ ਨਿਰਾਲੀ
ਹਰ ਬੰਦੇ ਆਪਣੇ ਅੰਦਰ ਵੱਖਰੀ ਦੁਨੀਆਂ ਪਾਲੀ
ਇਕ ਬੰਦੇ ਦੇ ਮੁੱਖ ਤੋਂ 
ਪਰਦਾ ਜਦ ਮੈਂ ਚਾਹਿਆ
ਖ਼ੌਫ਼ ਦੀ ਮਾਰੀ ਕੰਬਣ ਲੱਗੀ
ਕਾਲਜਾ ਮੂੰਹ ਨੂੰ ਆਇਆ
ਸਮਝ ਨਾ ਆਵੇ
ਇਹ ਕੀ ਔਖਤ ਮੈਂ
ਸਿਰ ਦੇ ਉਤੇ ਝੱਲੀ
ਡਰ ਕੇ ਫਿਰ ਪਿਛਾਂਹ ਨੂੰ ਪਰਤੀ ਜਦ
ਘਰ ਦਾ ਰਾਹ ਵੀ ਭੁੱਲੀ

ਲੇਖਕ: ਸਤਨਾਮ ਸਿੰਘ 'ਦਰਦੀ'
ਚਾਨੀਆਂ-ਜਲੰਧਰ 92569-73526

rajwinder kaur

This news is Content Editor rajwinder kaur