ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ

07/31/2022 7:30:56 PM

ਜ਼ੀਰਕਪੁਰ (ਮੇਸ਼ੀ) : ਅੱਜ ਜ਼ੀਰਕਪੁਰ ਦੀ ਵੀ.ਆਈ.ਪੀ. ਰੋਡ ’ਤੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਮਗਰੋਂ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਦੁਕਾਨਦਾਰਾਂ ਅਤੇ ਹੋਰ ਲੋਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਲੋਕਾਂ ਪ੍ਰੀਤਮ ਸਿੰਘ, ਰਾਜ ਸਿੰਘ, ਵਿਨੋਦ ਕਮਾਰ, ਰਕੇਸ ਗੋਇਲ ਅਤੇ ਕੁਲਦੀਪ ਕੌਸ਼ਿਕ ਨੇ ਦੱਸਿਆ ਕਿ ਨਗਰ ਕੌਂਸਲ ਦੀ ਵਿਕਾਸ ਪੱਖੋਂ ਮਾੜੀ ਕਾਰਗੁਜ਼ਾਰੀ ਕਾਰਨ ਵੀ.ਆਈ.ਪੀ. ਮਾਰਗ ਜਿੱਥੇ ਸੜਕ ਦੇ ਉੱਪਰ ਟੋਏ ਅਤੇ ਸੀਵਰੇਜ ਓਵਰਫਲੋ ਹੋ ਰਹੇ ਹਨ, ਉਥੇ ਹੀ ਨੀਵਾਂ ਪੱਧਰ ਹੋਣ ਕਰਕੇ ਬਰਸਾਤੀ ਮੌਸਮ ਦੌਰਾਨ ਗੰਦਾ ਪਾਣੀ ਭਰ ਜਾਂਦਾ ਹੈ। ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਹੋਈ ਬਾਰਿਸ਼ ਦੌਰਾਨ ਇੱਥੇ ਇਕ ਦੁਕਾਨਦਾਰ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਅਾਪਣੇ ਘਰ ਮਾਇਆ ਗਾਰਡਨ ਵਿਖੇ ਵਾਪਸ ਜਾ ਰਿਹਾ ਸੀ ਤਾਂ ਉਸ ਸਮੇਂ ਨਜ਼ਦੀਕ ਲੱਗੇ ਟਰਾਂਸਫਾਰਮਰ ਦੇ ਖੰਭੇ ’ਚੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਦ ਇਸ ਸਬੰਧੀ ਪੁਲਸ ਪ੍ਰਸ਼ਾਸਨ ਅਤੇ ਪਾਵਰਕਾਮ ਦੇ ਵਿਭਾਗ ਦੇ ਮੁਲਾਜ਼ਮਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਸਾਰ ਨਾ ਲਈ।

ਲੋਕਾਂ ਨੇ ਖੁਦ ਬਿਜਲੀ ਕੱਟ ਕੇ ਉਸ ਵਿਅਕਤੀ ਨੂੰ ਕਰੰਟ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਸਮਾਂ ਬੀਤਣ ਬਾਅਦ ਉਸ ਦੀ ਮੌਤ ਹੋ ਗਈ। ਵੀ.ਆਈ.ਪੀ. ਮਾਰਗ ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਸੜਕ ਉਪਰ ਸਿਰਫ ਬਰਸਾਤੀ ਪਾਣੀ ਹੀ ਨਹੀਂ ਬਲਕਿ ਇਸ ਦੇ ਸੀਵਰੇਜ ਲਾਈਨ ਓਵਰਫਲੋਅ ਹੋਣ ਕਾਰਨ ਗੰਦੇ ਪਾਣੀ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਰਕੇ ਆਮ ਜ਼ਿੰਦਗੀ ਜਨਜੀਵਨ ਠੱਪ ਹੋ ਕੇ ਰਹਿ ਜਾਂਦਾ ਹੈ ਸਿਰਫ ਇਹੀ ਨਹੀਂ, ਰਾਹਗੀਰਾਂ ਨੂੰ ਵੀ ਲੰਘਣ ਵਿਚ ਬਹੁਤ ਮੁਸ਼ਕਿਲ ਪੈਦਾ ਹੁੰਦੀ ਹੈ। ਜਿਸ ਸਬੰਧੀ ਪਹਿਲਾਂ ਵੀ ਨਗਰ ਕੌਂਸਲ ਨੂੰ ਕਾਫੀ ਵਾਰ ਇਸ ਸੰਬੰਧੀ ਧਿਆਨ ਦਿਵਾਇਆ ਗਿਆ ਹੈ ਪਰ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ, ਜਿਸ ਕਾਰਨ ਅੱਜ ਦੀ ਘਟਨਾ ਇਸ ਦਾ ਮੁੱਖ ਕਾਰਨ ਹੈ। ਇਥੋਂ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਪ੍ਰਸ਼ਾਸਨ ਵੀ ਮੌਕੇ ’ਤੇ ਹੀ ਤੁਰੰਤ ਪੁੱਜ ਜਾਂਦਾ ਹੈ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੰਦਾ ਹੈ ਪਰ ਇਸ ਤੋਂ ਪਹਿਲਾਂ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾਂਦੀ। ਇਸੇ ਦੌਰਾਨ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਵਨੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਮੌਕੇ ਵਾਲੀ ਥਾਂ ’ਤੇ ਪੁੱਜੇ।

ਇਸੇ ਦੌਰਾਨ ਪਾਵਰਕਾਮ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ, ਜਿਨ੍ਹਾਂ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਲਈ ਅਤੇ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਹੋਣ ਮਗਰੋਂ ਬਾਕੀ ਦੇ ਤੱਥ ਸਾਹਮਣੇ ਆ ਸਕਦੇ ਹਨ। ਇਸੇ ਦੌਰਾਨ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਵਨੀਤ ਸਿੰਘ ਨੇ ਦੱਸਿਆ ਕਿ ਵੀ.ਆਈ. ਪੀ. ਮਾਰਗ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਐਸਟੀਮੇਟ ਪਾਸ ਕੀਤਾ ਜਾਵੇਗਾ, ਜਿਸ ਦੌਰਾਨ ਕਾਫੀ ਮੁਸ਼ਕਿਲਾਂ ਦਾ ਹੱਲ ਹੋਵੇਗਾ। ਪਾਵਰਕਾਮ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਕਿ ਇਸ ਦੇ ਪਿੱਛੇ ਕਿਹੜੇ ਮੁਲਾਜ਼ਮਾਂ ਦੀ ਲਾਪਰਵਾਹੀ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਾਉਣ ਲਈ ਡੇਰਾਬੱਸੀ ਹਸਪਤਾਲ ’ਚ ਭੇਜ ਦਿੱਤਾ ਹੈ।

Manoj

This news is Content Editor Manoj