ਜਬਰ-ਜ਼ਨਾਹ ਦੇ ਕੇਸ ’ਚ ਗ੍ਰਿਫਤਾਰ ਮੁਅੱਤਲ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਨੂੰ ਭੇਜਿਆ ਜੇਲ

08/07/2020 2:53:24 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਸਿਹਤ ਵਿਭਾਗ ’ਚ ਤਾਇਨਾਤ ਵਿਆਹੁਤਾ ਔਰਤ ਮੁਲਾਜ਼ਮ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਵਰੁਣ ਜੋਸ਼ੀ ਨੂੰ ਅੱਜ ਨਿਹਾਲ ਸਿੰਘ ਵਾਲਾ ਦੀ ਮਾਨਯੋਗ ਅਮਨਦੀਪ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਜੁਡੀਸਰੀ ਹਿਰਾਸਤ ਵਿਚ ਬਰਨਾਲਾ ਜੇਲ ਵਿਖੇ ਭੇਜ ਦਿੱਤਾ ਗਿਆ। ਯੂਥ ਕਾਂਗਰਸ ਆਗੂ ਖਿਲਾਫ ਅਦਾਲਤ ਦੇ ਹੁਕਮ ਉੱਤੇ 2 ਜੂਨ ਨੂੰ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਕੇਸ ਦਰਜ ਹੋਇਆ ਸੀ। ਪੰਜਾਬ ਹਰਿਆਣਾ ਹਾਈਕੋਰਟ ਵਿਚੋਂ ਮੁਲਜ਼ਮ ਕਾਂਗਰਸ ਆਗੂ ਦੀ ਪੇਸ਼ਗੀ ਜ਼ਮਾਨਤ ਅਰਜੀ ਰੱਦ ਹੋਣ ਮਗਰੋਂ ਪੁਲਸ ਨੇ ਉਸ ਨੂੰ 17 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੌਰਾਨ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਸਨੂੰ ਸਰਕਾਰੀ ਏਕਾਂਤਵਾਸ ਕੇਂਦਰ ਬਾਘਾ ਪੁਰਾਣਾ ਵਿਖੇ ਵਿਚ ਰੱਖਿਆ ਹੋਇਆ ਸੀ। ਪੁਲਸ ਨੇ ਮੁਲਜ਼ਮ ਖਿਲਾਫ਼ ਮੈਜਿਸਟ੍ਰੇਟ ਦੀ ਅਦਾਲਤ ਵਿਚ ਦੋਸ਼ ਪੱਤਰ ਦਾਇਰ ਵੀ ਕਰ ਦਿੱਤਾ ਸੀ।

ਪੰਜਾਬ ਪੁਲਸ ਦੀ ਕਥਿਤ ਜਾਂਚ ਉੱਤੇ ਸੁਆਲ ਚੁੱਕਦੇ ਪੀੜਤ ਵਿਆਹੁਤਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਇਸ ਕੇਸ ਦੀ ਜਾਂਚ ਸੀ. ਬੀ. ਆਈ. ਜਾਂ ਹੋਰ ਕਿਸੇ ਨਿਰਪੱਖ ਏਜੰਸੀ ਨੂੰ ਸੌਂਪਣ ਲਈ ਅਰਜੀ ਦਾਇਰ ਕੀਤੀ ਹੋਈ ਹੈ, ਜਿਸ ’ਤੇ ਸੁਣਵਾਈ ਦੌਰਾਨ ਮਾਣਯੋਗ ਹਾਈਕੋਰਟ ਨੇ ਪੁਲਸ ਵਲੋਂ ਦਾਇਰ ਕੀਤੇ ਗਏ ਦੋਸ਼ ਪੱਤਰ ਉੱਤੇ ਹੇਠਲੀ ਅਦਾਲਤ ਵਿਚ ਅਗਲੇ ਹੁਕਮਾਂ ਉੱਤੇ ਰੋਕ ਲਗਾ ਦਿੱਤੀ ਹੈ। ਮਾਨਯੋਗ ਹਾਈਕੋਰਟ ਨੇ ਕੇਸ ਦੀ ਅਗਲੇ ਸੁਣਵਾਈ ਲਈ 18 ਸਤੰਬਰ ਦੀ ਤਰੀਕ ਮੁਕਰਰ ਕੀਤੀ ਹੈ।

Bharat Thapa

This news is Content Editor Bharat Thapa