ਸਰਹੱਦ ਪਾਰ ਕਰ ਕੇ ਪਾਕਿਸਤਾਨ ਜਾ ਪੁੱਜਾ ਨੌਜਵਾਨ

03/17/2018 8:06:58 PM

ਫਿਰੋਜ਼ਪੁਰ,(ਮਲਹੋਤਰਾ, ਕੁਮਾਰ)— ਅੰਤਰਰਾਸ਼ਟਰੀ ਬਾਰਡਰ 'ਤੇ 24 ਘੰਟੇ ਸਖਤ ਨਿਗਰਾਨੀ ਕਰਨ ਦੇ ਬੀ. ਐੱਸ. ਐੱਫ. ਦੇ ਦਾਅਵੇ ਉਸ ਸਮੇਂ ਹਵਾ ਸਾਬਤ ਹੋਏ, ਜਦੋਂ ਉਤਰ ਪ੍ਰਦੇਸ਼ ਦਾ ਨੌਜਵਾਨ ਬੜੇ ਅਰਾਮ ਨਾਲ ਪਾਕਿਸਤਾਨ ਵਿਚ ਜਾ ਦਾਖਲ ਹੋਇਆ। ਉਥੇ ਪਾਕਿ ਰੇਂਜਰਾਂ ਨੇ ਉਸ ਨੂੰ ਫੜ ਕੇ ਜ਼ਰੂਰੀ ਪੁੱਛਗਿੱਛ ਤੋਂ ਬਾਅਦ ਬੀ. ਐੱਸ. ਐੱਫ. ਹਵਾਲੇ ਕੀਤਾ ਤੇ ਬਾਅਦ ਵਿਚ ਬੀ. ਐੱਸ. ਐੱਫ. ਨੇ ਉਸ ਨੂੰ ਪੁਲਸ ਕੋਲ ਸੌਂਪਿਆ। ਥਾਣਾ ਸਦਰ ਦੇ ਏ. ਐੱਸ. ਆਈ. ਰਮੇਸ਼ ਮਸੀਹ ਨੇ ਦੱਸਿਆ ਕਿ ਬੀ. ਐੱਸ. ਐੱਫ. 77 ਬਟਾਲੀਅਨ ਦੇ ਡਿਪਟੀ ਕਮਾਂਡੈਂਟ ਰਾਜ ਇੰਦਰ ਮੱਲ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਅੰਕਿਤ ਸ਼ਰਮਾ ਪੁੱਤਰ ਦਾਨਿਸ਼ ਸ਼ਰਮਾ ਵਾਸੀ ਬਹਾਦਨਗਪੁਰ ਥਾਣਾ ਬਾਬੂਗਰ ਜ਼ਿਲਾ ਹਾਪੁਰ, ਉਤਰ ਪ੍ਰਦੇਸ਼ 14 ਮਾਰਚ ਨੂੰ ਅੰਮ੍ਰਿਤਸਰ ਦੇ ਵਾਹਗਾ ਬਾਰਡਰ ਤੋਂ ਬਿਨਾਂ ਪਾਸਪੋਰਟ ਪਾਕਿਸਤਾਨ ਵਿਚ ਦਾਖਲ ਹੋ ਗਿਆ ਸੀ। ਉਥੇ ਪਾਕਿ ਰੇਂਜਰਾਂ ਨੇ ਉਸ ਨੂੰ ਫੜ ਲਿਆ ਤੇ 16 ਮਾਰਚ ਨੂੰ ਫਿਰੋਜ਼ਪੁਰ ਸੈਕਟਰ ਵਿਚ 77 ਬਟਾਲੀਅਨ ਦੇ ਹਵਾਲੇ ਕੀਤਾ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਨੌਜਵਾਨ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।