ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

11/20/2019 12:00:05 AM

ਮੋਹਾਲੀ, (ਕੁਲਦੀਪ)— ਪੁਲਸ ਸਟੇਸ਼ਨ ਮਟੌਰ ਅਧੀਨ ਆਉਂਦੇ ਖੇਤਰ ਸੈਕਟਰ-71 'ਚ ਇਕ ਨੌਜਵਾਨ ਨੇ ਆਪਣੇ ਕਿਰਾਏ ਦੇ ਕਮਰੇ 'ਚ ਛੱਤ ਵਾਲੇ ਪੱਖੇ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦਾ ਨਾਮ ਸ਼ਮਸ਼ੇਰ ਦਾਸ ਦੱਸਿਆ ਜਾਂਦਾ ਹੈ, ਜੋ ਕਿ ਮੂਲ ਰੂਪ ਵਿਚ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਇੱਥੇ ਮੋਹਾਲੀ ਸਥਿਤ ਕਿਸੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ। ਉਸ ਦੀ ਉਮਰ ਕਰੀਬ 27 ਸਾਲ ਦੱਸੀ ਜਾ ਰਹੀ ਹੈ, ਜੋ ਕਿ ਅਜੇ ਅਨਮੈਰਿਡ ਹੀ ਸੀ।
ਪੁਲਸ ਸਟੇਸ਼ਨ ਮਟੌਰ ਤੋਂ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸੈਕਟਰ-71 ਦੀ ਕੋਠੀ ਨੰਬਰ 2182 ਵਿਚ ਕਿਰਾਏਦਾਰ ਦੇ ਤੌਰ 'ਤੇ ਰਹਿ ਰਿਹਾ ਸੀ। ਉਸ ਨੇ ਆਪਣੇ ਕਮਰੇ ਵਿਚ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਉਸ ਦੇ ਸਾਥੀ ਦੋਸਤ ਉਸ ਨੂੰ ਫੇਜ਼-8 ਸਥਿਤ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਸ਼ਮਸ਼ੇਰ ਦਾਸ ਦੇ ਭਰਾ ਗੋਰਖ ਸ਼ਰਨ ਦੇ ਬਿਆਨਾਂ 'ਤੇ ਆਈ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਹੈ।

 

KamalJeet Singh

This news is Content Editor KamalJeet Singh