ਗਲਤ ਦਵਾਈ ਨਿਗਲ ਲੈਣ ਕਾਰਨ ਮਾਨਸਿਕ ਤੌਰ ''ਤੇ ਪ੍ਰੇਸ਼ਾਨ ਰਹਿੰਦੇ ਵਿਅਕਤੀ ਦੀ ਮੌਤ

05/07/2020 12:07:06 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਨਦਾਮਪੁਰ ਵਿਖੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਇਕ ਵਿਅਕਤੀ ਵਲੋਂ ਕੋਈ ਗਲਤ ਦਵਾਈ ਨਿਗਲ ਲੈਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵੀਰਦਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਨਦਾਮਪੁਰ ਦੀ ਪਤਨੀ ਕੁਲਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਹਿਲਾ ਮ੍ਰਿਤਕ ਦੇ ਆਸਟ੍ਰੇਲੀਆ 'ਚ ਰਹਿੰਦੇ ਭਰਾ ਦੀ ਮੌਤ ਹੋ ਜਾਣ ਕਾਰਨ ਉਹ ਕਾਫੀ ਪਰੇਸ਼ਾਨੀ 'ਚ ਰਹਿੰਦਾ ਸੀ ਅਤੇ ਫਿਰ ਕੁਝ ਸਮਾਂ ਪਹਿਲਾਂ ਉਸ ਦੇ ਸਹੁਰੇ ਅਜੈਬ ਸਿੰਘ ਦੀ ਅਚਾਨਕ ਹਾਰਟ ਐਕਟ ਨਾਲ ਮੌਤ ਹੋ ਜਾਣ ਕਾਰਨ ਉਸ ਦੇ ਪਤੀ ਵੀਰਦਵਿੰਦਰ ਸਿੰਘ ਨੂੰ ਗਹਿਰਾ ਸਦਮਾ ਪਹੁੰਚਿਆ ਸੀ।

ਉਨ੍ਹਾਂ ਦੱਸਿਆ ਕਿ ਮਾਨਸਿਕ ਤੌਰ 'ਤੇ ਜ਼ਿਆਦਾ ਪ੍ਰੇਸ਼ਾਨ ਰਹਿਣ ਕਾਰਨ ਉਸ ਦੇ ਪਤੀ ਦਾ ਇਕ ਨਿੱਜੀ ਹਸਪਤਾਲ 'ਚੋਂ ਇਸ ਸਬੰਧੀ ਇਲਾਜ ਵੀ ਚੱਲ ਰਿਹਾ ਸੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਪਤੀ ਜਦੋਂ ਆਪਣੀ ਦੁਪਹਿਰ ਸਮੇਂ ਦੀ ਦਵਾਈ ਲੈਣ ਲੱਗਿਆ ਤਾਂ ਉਸ ਨੇ ਗਲਤੀ ਨਾਲ ਕੋਈ ਹੋਰ ਦਵਾਈ ਨਿਗਲ ਲਈ ਅਤੇ ਉਹ ਉਨ੍ਹਾਂ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਖੇਤ ਜਾ ਰਿਹਾ ਹੈ। ਜਿਸ ਤੋਂ ਬਾਅਦ ਸ਼ਾਮ ਨੂੰ ਉਸ ਦੀ ਤਰੋੜਾ ਕਲਾਂ ਵਿਖੇ ਰਹਿੰਦੀ ਮਾਸੀ ਦਾ ਉਨ੍ਹਾਂ ਨੂੰ ਫੋਨ ਆਇਆ ਅਤੇ ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਵੀਰਦਵਿੰਦਰ ਸਿੰਘ ਉਨ੍ਹਾਂ ਕੋਲ ਤਰੋੜਾ ਕਲਾਂ ਆ ਗਿਆ ਹੈ ਅਤੇ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਉਸ ਨੂੰ ਇਲਾਜ ਲਈ ਪਟਿਆਲਾ ਵਿਖੇ ਰਾਜਿੰਦਰਾ ਹਸਪਤਾਲ ਵਿਖੇ ਲਿਜਾ ਰਹੇ ਹਨ, ਜਿਥੇ ਇਲਾਜ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਵਲੋਂ ਇਸ ਸਬੰਧੀ ਕਿਸੇ ਉਪਰ ਵੀ ਕੋਈ ਸ਼ੱਕ ਨਾ ਹੋਣ ਅਤੇ ਕਿਸੇ ਵਿਰੁੱਧ ਕੋਈ ਕਾਰਵਾਈ ਨਾਲ ਕਰਵਾਉਣ ਸਬੰਧੀ ਦਿੱਤੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ 174 ਦੀ ਕਾਰਵਾਈ ਕੀਤੀ।

Shyna

This news is Content Editor Shyna