ਬੱਚਾ ਨਾ ਹੋਣ ਕਾਰਨ ਦੁਖੀ ਔਰਤ ਨੇ ਲਿਆ ਫਾਹਾ, ਮੌਤ

10/23/2019 1:48:15 AM

ਲੁਧਿਆਣਾ, (ਤਰੁਣ)— ਦੁਨੀਆ ਦੀ ਹਰ ਔਰਤ ਆਪਣੀ ਕੁੱਖੋਂ ਔਲਾਦ ਦਾ ਸੁੱਖ ਭੋਗਣਾ ਚਾਹੁੰਦੀ ਹੈ ਪਰ ਜਦੋਂ ਕੋਈ ਔਰਤ ਇਸ ਸੁੱਖ ਨੂੰ ਭੋਗਣ 'ਚ ਅਸਫਲ ਰਹਿੰਦੀ ਹੈ ਤਾਂ ਉਹ ਮਾਨਸਿਕ ਰੂਪ ਨਾਲ ਟੁੱਟ ਜਾਂਦੀ ਹੈ। ਅਜਿਹਾ ਹੀ ਇਕ ਕੇਸ ਥਾਣਾ ਡਵੀਜ਼ਨ ਨੰ. 4 ਤਹਿਤ ਆਉਂਦੇ ਇਲਾਕੇ ਗਾਂਧੀ ਨਗਰ ਦਾ ਹੈ ਜਿਥੇ 2 ਸਾਲ ਤੋਂ ਇਕ ਔਰਤ ਮਾਂ ਨਾ ਬਣ ਸਕਣ ਕਾਰਣ ਇੰਨੀ ਦੁਖੀ ਸੀ ਕਿ ਉਸ ਨੇ ਫਾਹ ਲੈ ਕੇ ਜਾਨ ਦੇ ਦਿੱਤੀ। ਦੁਪਹਿਰ ਨੂੰ ਪਤੀ ਜਦੋਂ ਘਰ ਪਰਤਿਆ ਤਾਂ ਉਸ ਨੇ ਪਤਨੀ ਦੀ ਲਟਕੀ ਲਾਸ਼ ਦੇਖੀ ਤੇ ਰੌਲਾ ਪਾਇਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਲਈ। ਮ੍ਰਿਤਕਾ ਦੀ ਪਛਾਣ 22 ਸਾਲਾ ਆਸ਼ੀਰਵਾਦ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਤੀ ਪੱਪੂ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਢਾਈ ਸਾਲ ਪਹਿਲਾਂ ਉਸ ਦਾ ਵਿਆਹ ਆਸ਼ੀਰਵਾਦ ਨਾਲ ਹੋਇਆ ਸੀ। ਉਸ ਦੀ ਪਤਨੀ ਜਲਦ ਹੀ ਬੱਚਾ ਚਾਹੁੰਦੀ ਸੀ ਜਿਸ ਕਾਰਣ ਉਹ ਕਈ ਤੰਤਰਿਕਾਂ ਦੇ ਚੱਕਰ 'ਚ ਫਸ ਗਈ ਸੀ। ਕਰੀਬ 2 ਸਾਲ ਤੋਂ ਬੱਚਾ ਨਾ ਹੋਣ ਕਾਰਣ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ। ਉਹ ਗਾਂਧੀ ਨਗਰ 'ਚ ਸਿਲਾਈ ਦਾ ਕੰਮ ਕਰਦਾ ਹੈ। ਮੰਗਲਵਾਰ ਸਵੇਰ ਉਹ ਨਾਸ਼ਤਾ ਕਰ ਕੇ ਕੰਮ 'ਤੇ ਚਲਾ ਗਿਆ। ਦੁਪਹਿਰ ਕਰੀਬ 1 ਵਜੇ ਉਹ ਘਰ ਪਰਤਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਰੱਖਿਆ ਸੀ। ਉਸ ਨੇ ਧੱਕਾ ਦੇ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਦੀ ਲਾਸ਼ ਚੁੰਨੀ ਦੇ ਸਹਾਰੇ ਕੁੰਡੀ ਨਾਲ ਲਟਕ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਮਕਾਨ ਮਾਲਕ ਨੂੰ ਬੁਲਾਇਆ।
ਜਾਂਚ ਅÎਧਿਕਾਰੀ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਕਰੀਬ 1 ਮਹੀਨੇ ਤੋਂ ਪਤੀ-ਪਤਨੀ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਦੋਵਾਂ ਦਰਮਿਆਨ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਸੀ। ਪਤੀ ਨੇ ਪੁਲਸ ਨੂੰ ਦੱਸਿਆ ਕਿ ਬੱਚਾ ਨਾ ਹੋਣ ਕਾਰਣ ਔਰਤ ਦੁਖੀ ਸੀ। ਮ੍ਰਿਤਕਾ ਅਨਪੜ੍ਹ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਹਾਲ ਦੀ ਘੜੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

KamalJeet Singh

This news is Content Editor KamalJeet Singh