ਦੋਰਾਹਾ ਵਿਖੇ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਦਾ ਹੋਇਆ ਭਰਵਾਂ ਸਵਾਗਤ

10/29/2019 7:13:18 PM

ਦੋਰਾਹਾ, (ਸੂਦ)— ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਦੇ ਗੁਰਦੁਆਰਾ ਪਿਆਓ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਇਤਿਹਾਸਕ ਨਗਰ ਕੀਰਤਨ ਦਾ ਸੰਗਤਾਂ ਵਲੋਂ ਜਿਥੇ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ, ਉਥੇ ਇਸ ਨਗਰ ਕੀਰਤਨ ਦਾ ਬੀਤੀ ਰਾਤ ਸਥਾਨਕ ਸ਼ਹਿਰ ਵਿਖੇ ਪੁੱਜਣ 'ਤੇ ਵੀ ਨਗਰ ਕੌਂਸਲ, ਵੱਖ-ਵੱਖ ਜਥੇਬੰਦੀਆਂ, ਸ਼ਹਿਰ ਤੇ ਇਲਾਕੇ ਦੀ ਸੰਗਤ ਵਲੋਂ ਜੈਕਾਰਿਆਂ ਦੀ ਗੂੰਜ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਸ 'ਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਨਗਰ ਕੌਂਸਲ ਪ੍ਰਧਾਨ ਬੰਤ ਸਿੰਘ ਦੋਬੁਰਜੀ, ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ, ਕੌਂਸਲਰ ਕੰਵਲਜੀਤ ਸਿੰਘ, ਕੌਂਸਲਰ ਮਨਦੀਪ ਮਾਂਗਟ, ਕੌਂਸਲਰ ਕੁਲਜੀਤ ਸਿੰਘ, ਆਲ ਟ੍ਰੇਡ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਜੱਗੀ, ਚੇਅਰਮੈਨ ਬਲਵਿੰਦਰ ਸਿੰਘ ਮਠਾੜੂ, ਕੌਂਸਲਰ ਰਾਜਿੰਦਰ ਗਾਹੀਰ ਆਦਿ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਪੁੱਜ ਕੇ ਇਤਿਹਾਸਕ ਨਗਰ ਕੀਰਤਨ ਨੂੰ ਜੀ ਆਇਆਂ ਕਿਹਾ।
ਇੱਥੇ ਇਹ ਦੱਸਣਯੋਗ ਹੈ ਕਿ ਦਿੱਲੀ ਦੇ ਗੁਰਦੁਆਰਾ ਪਿਆਓ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਇਸ ਇਤਿਹਾਸਕ ਨਗਰ ਕੀਰਤਨ ਨੂੰ ਲੈ ਕੇ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸੇ ਕਰ ਕੇ ਇਸ ਇਤਿਹਾਸਕ ਨਗਰ ਕੀਰਤਨ ਦਾ ਅੰਬਾਲਾ, ਸਰਹਿੰਦ, ਗੋਬਿੰਦਗੜ੍ਹ, ਖੰਨਾ ਦੇ ਰਾਸਤੇ ਤੋਂ ਬੀਤੀ ਰਾਤ ਸਥਾਨਕ ਸ਼ਹਿਰ ਵਿਖੇ ਪੁੱਜਣ 'ਤੇ ਸ਼ਹਿਰ ਅਤੇ ਇਲਾਕੇ ਦੀ ਸੰਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਇਤਿਹਾਸਕ ਨਗਰ ਕੀਰਤਨ ਲੁਧਿਆਣਾ ਤੋਂ ਹੁੰਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇਗਾ ਤੇ ਇਸ ਤੋਂ ਬਾਅਦ ਵਾਹਗਾ ਵਾਰਡਰ ਰਾਹੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਜਿਸ ਕਰ ਕੇ ਇਸ ਇਤਿਹਾਸਕ ਨਗਰ ਕੀਰਤਨ ਅੱਗੇ ਨਤਮਸਤਕ ਹੋਣ ਲਈ ਸ਼ਰਧਾਲੂਆਂ ਦਾ ਭਾਰੀ ਜਮਾਵੜਾ ਲੱਗਾ ਰਿਹਾ। ਇਸੇ ਤਹਿਤ ਇਸ ਇਤਿਹਾਸਕ ਨਗਰ ਕੀਰਤਨ ਨੂੰ ਬੀਤੀ ਰਾਤ ਸ਼ਹਿਰ ਵਿਖੇ ਪੁੱਜਣ ਸਮੇਂ ਸ਼ਹਿਰ ਦੀ ਸੰਗਤ ਵਲੋਂ ਸਵਾਗਤੀ ਗੇਟ ਬਣਾ ਕੇ ਜੀ ਆਇਆਂ ਕਿਹਾ ਗਿਆ, ਉਥੇ ਹਜ਼ਾਰਾਂ ਸੰਗਤਾਂ ਨੇ ਨਗਰ ਕੀਰਤਨ ਅੱਗੇ ਨਤਮਸਤਕ ਹੋ ਕੇ ਆਪਣਾ ਜੀਵਨ ਵੀ ਸਫਲ ਕੀਤਾ। ਇਸ ਸਮੇਂ ਢਾਡੀ ਜੱਥੇ ਵਲੋਂ ਆਈ ਹੋਈ ਸੰਗਤ ਨੂੰ ਦੇਰ ਰਾਤ ਤਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਵਿਸਥਾਰ ਵਿਚ ਚਾਨਣਾ ਵੀ ਪਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦੇ ਦਰਸ਼ਨ ਕਰਨ ਆਈ ਸੰਗਤ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਦੇ ਦਰਸ਼ਨ ਕਰ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਤੇ ਉਹ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣਗੇ। ਇਸ ਸਮੇਂ ਮੇਸ਼ੀ ਚੌਧਰੀ, ਵਿੱਕੀ ਕਪੂਰ ਸਮੇਤ ਸ਼ਹਿਰ ਅਤੇ ਇਲਾਕੇ ਦੀ ਸੰਗਤ ਨੇ ਆਪਣਾ ਸਿਰ ਝੁਕਾ ਕੇ ਨਗਰ ਕੀਰਤਨ ਦਰਸ਼ਨ ਵੀ ਕੀਤੇ ।

 

KamalJeet Singh

This news is Content Editor KamalJeet Singh